ਪੰਜਾਬ ਅੰਮ੍ਰਿਤਸਰ ਏਅਰਪੋਰਟ ‘ਤੇ ਡੌਗ ਮੈਕਸ ਨੂੰ ਸਨਮਾਨਿਤ ਰਿਟਾਇਰਮੈਂਟ/ 5 ਸਾਲ ਤੱਕ ਨਿਭਾਈ ਵਫ਼ਾਦਾਰ ਸੇਵਾ/ ਬਿਮਾਰੀ ਕਾਰਨ ਪਹਿਲਾਂ ਹੀ ਦਿੱਤੀ ਵਿਦਾਈ By admin - May 2, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਇੱਕ ਖਾਸ ਅਤੇ ਭਾਵੁਕ ਮੰਜ਼ਰ ਸਾਹਮਣੇ ਆਇਆ, ਜਿੱਥੇ CISF ਦੇ ਡੌਗ ਸਕੁਆਡ ਦੇ ਵਫ਼ਾਦਾਰ ਮੈਂਬਰ ਮੈਕਸ ਨੂੰ ਪੂਰੇ ਮਾਨ-ਸਨਮਾਨ ਨਾਲ ਰਿਟਾਇਰ ਕੀਤਾ ਗਿਆ। ਇਸ ਮੌਕੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੈਕਸ ਦੀ ਸੇਵਾ ਨੂੰ ਯਾਦ ਕਰਦਿਆਂ ਉਸਨੂੰ ਵਿਸ਼ੇਸ਼ ਤੌਰ ‘ਤੇ ਵਿਦਾਈ ਦਿੱਤੀ ਗਈ। ਰਿਟਾਇਰਮੈਂਟ ਸਮਾਗਮ ਦੌਰਾਨ ਭਾਵੁਕ ਪਲ ਵੀ ਵੇਖਣ ਨੂੰ ਮਿਲੇ। ਮੈਕਸ ਦੇ ਹੈਂਡਲਰ ਹੈਡ ਕਾਂਸਟੇਬਲ ਜਗਜੀਤ ਸਿੰਘ ਨੇ ਆਪਣੇ ਸਾਥੀ ਨੂੰ “Love you Max” ਕਹਿ ਕੇ ਵਿਦਾ ਕੀਤਾ, ਜਿਸ ਨਾਲ ਮੌਜੂਦ ਹਰ ਵਿਅਕਤੀ ਭਾਵੁਕ ਹੋ ਗਿਆ। ਇਸ ਮੌਕੇ ਡੌਗ ਸਕੁਆਡ ਦੇ ਮੈਂਬਰਾਂ ਵੱਲੋਂ ਮੈਕਸ ਨੂੰ ਸਲਾਮੀ ਦਿੱਤੀ ਗਈ, ਜਿਸਦਾ ਜਵਾਬ ਮੈਕਸ ਨੇ ਆਪਣੇ ਅੰਦਾਜ਼ ਵਿੱਚ ਸਲੂਟ ਕਰਕੇ ਦਿੱਤਾ ਅਤੇ ਸਭ ਦਾ ਦਿਲ ਜਿੱਤ ਲਿਆ। ਮੈਕਸ ਦਾ ਜਨਮ 10 ਮਾਰਚ 2020 ਨੂੰ ਹੋਇਆ ਸੀ ਅਤੇ 3 ਜੁਲਾਈ 2020 ਨੂੰ ਉਹ CISF ਵਿੱਚ ਭਰਤੀ ਹੋਇਆ। ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸਦੀ ਤਾਇਨਾਤੀ ਅੰਮ੍ਰਿਤਸਰ ਏਅਰਪੋਰਟ ‘ਤੇ ਕੀਤੀ ਗਈ, ਜਿੱਥੇ ਉਸਨੇ ਲਗਭਗ 5 ਸਾਲ ਤੱਕ ਸੁਰੱਖਿਆ ਡਿਊਟੀ ਨਿਭਾਈ। ਆਪਣੇ ਸੇਵਾ ਦੌਰਾਨ ਮੈਕਸ ਨੇ ਉੱਚ ਪੱਧਰ ਦੀ ਚੌਕਸੀ, ਅਲਰਟਨੈੱਸ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਅਤੇ ਏਅਰਪੋਰਟ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਮ ਤੌਰ ‘ਤੇ ਡੌਗ ਸਕੁਆਡ ਦੇ ਮੈਂਬਰਾਂ ਦੀ ਸੇਵਾ ਮਿਆਦ 8 ਸਾਲ ਹੁੰਦੀ ਹੈ, ਪਰ ਗੰਭੀਰ ਬਿਮਾਰੀ ਕਾਰਨ ਮੈਕਸ ਨੂੰ 5 ਸਾਲ ਬਾਅਦ ਹੀ ਰਿਟਾਇਰ ਕਰਨਾ ਪਿਆ। ਏਅਰਪੋਰਟ ਡਾਇਰੈਕਟਰ ਭੂਪਿੰਦਰ ਸਿੰਘ ਨੇ ਕਿਹਾ ਕਿ ਮੈਕਸ ਸਿਰਫ਼ ਇੱਕ ਡੌਗ ਨਹੀਂ ਸੀ, ਸਗੋਂ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਸੀ। ਉਸਦੀ ਸੇਵਾ ਕਿਸੇ ਵੀ ਇਨਸਾਨ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ ਕਿ CISF ਵੱਲੋਂ ਹਰ ਡੌਗ ਨੂੰ ਵੀ ਉਨ੍ਹਾਂ ਹੀ ਸਨਮਾਨ ਨਾਲ ਰਿਟਾਇਰ ਕੀਤਾ ਜਾਂਦਾ ਹੈ ਜਿਵੇਂ ਕਿਸੇ ਅਧਿਕਾਰੀ ਨੂੰ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੈਕਸ ਦੀ ਥਾਂ ਨਵੇਂ ਡੌਗ ਦੀ ਟ੍ਰੇਨਿੰਗ ਜਾਰੀ ਹੈ, ਜੋ ਜਲਦ ਹੀ ਸੇਵਾ ਸੰਭਾਲੇਗਾ। ਸਮਾਗਮ ਦੌਰਾਨ ਮੈਕਸ ਨੂੰ ਪੂਰੇ ਸਨਮਾਨ ਨਾਲ ਵਿਦਾਈ ਦਿੱਤੀ ਗਈ, ਜੋ CISF ਲਈ ਮਾਣ ਅਤੇ ਸਨਮਾਨ ਦਾ ਪਲ ਬਣ ਗਿਆ।