ਪੰਜਾਬ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਕੁਲਵੰਤ ਸਿੰਘ ਦੀ ਲਾਸ਼/ ਦੁਬਈ ਅੰਦਰ ਭੇਦਭਰੀ ਹਾਲਤ ’ਚ ਹੋਈ ਸੀ ਮੌਤ/ ਮਾਪਿਆਂ ਨੇ ਸਹੁਰਾ ਪਰਿਵਾਰ ’ਤੇ ਲਾਏ ਗੰਭੀਰ ਇਲਜ਼ਾਮ By admin - April 23, 2026 0 1 Facebook Twitter Pinterest WhatsApp ਦੁਬਈ ਵਿੱਚ ਇੱਕ ਮਹੀਨਾ ਪਹਿਲਾਂ ਭੇਦਭਰੀ ਹਾਲਤ ਵਿਚ ਮੌਤ ਦੇ ਮੂੰਹ ਵਿਚ ਗਏ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀ। ਇਸੇ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਮ੍ਰਿਤਕ ਦੇ ਪਰਿਵਾਰਕ ਤੇ ਸਹੁਰੇ ਪਰਿਵਾਰ ਵਾਲੇ ਆਹਮੋ ਸਾਹਮਣੇ ਹੋ ਗਏ। ਦੋਵੇਂ ਪਰਿਵਾਰ ਮ੍ਰਿਤਕ ਦੇਹ ਆਪਣੇ ਨਾਲ ਲਿਜਾਣ ਉਤੇ ਅੜੇ ਹੋਏ ਸਨ। ਦੋਵੇਂ ਧਿਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਸਾਲਾ ਉਸਦੀ ਡੈਡ ਬੋਡੀ ਦੁਬਈ ਤੋਂ ਭਾਰਤ ਲੈ ਕੇ ਆਇਆ ਸੀ। ਏਅਰਪੋਰਟ ‘ਤੇ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਡੈਡ ਬੋਡੀ ਆਪਣੇ ਨਾਲ ਲੈ ਜਾਣਗੇ, ਜਦਕਿ ਮ੍ਰਿਤਕ ਦੇ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਇਸਦਾ ਸਖਤ ਵਿਰੋਧ ਕੀਤਾ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਦੀ ਮੌਤ ਦੇ ਪਿੱਛੇ ਉਸਦਾ ਸਾਲਾ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਜ਼ਿੰਮੇਵਾਰ ਹਨ। ਇਸ ਲਈ ਉਹ ਡੈਡ ਬੋਡੀ ਸਹੁਰੇ ਪਰਿਵਾਰ ਨੂੰ ਦੇਣ ਲਈ ਤਿਆਰ ਨਹੀਂ ਹਨ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਬਾਰੇ ਕਈ ਦਿਨਾਂ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੰਪਨੀ ਵੱਲੋਂ ਸੰਤੋਸ਼ਜਨਕ ਜਵਾਬ ਮਿਲਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਨੂੰ ਕਈ ਦਿਨ ਤੱਕ ਫੋਨ ਅਤੇ ਈਮੇਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਬਾਅਦ ਵਿੱਚ ਕੰਪਨੀ ਦੇ ਇੱਕ ਫੋਰਮੈਨ ਵੱਲੋਂ ਦੱਸਿਆ ਗਿਆ ਕਿ ਕੁਲਵੰਤ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੱਚਾਈ ਨੂੰ ਲੁਕਾਇਆ ਗਿਆ ਅਤੇ ਉਨ੍ਹਾਂ ਨੂੰ ਭਰਮ ਵਿੱਚ ਰੱਖਿਆ ਗਿਆ। ਇਸ ਮਾਮਲੇ ‘ਚ ਸਮਾਜ ਸੇਵੀ ਨਿਹੰਗ ਸਿੰਘ ਬਾਬਾ ਗੁਰਪ੍ਰੀਤ ਸਿੰਘ ਨੇ ਵੀ ਪਰਿਵਾਰ ਦਾ ਸਾਥ ਦਿੰਦਿਆਂ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਪਹਿਲਾਂ ਕੋਈ ਸਹੀ ਜਾਣਕਾਰੀ ਨਹੀਂ ਮਿਲੀ ਅਤੇ ਕੁਝ ਲੋਕਾਂ ਵੱਲੋਂ ਧਮਕੀਆਂ ਦੇਣ ਦੀ ਵੀ ਗੱਲ ਸਾਹਮਣੇ ਆਈ ਹੈ। ਦੂਜੇ ਪਾਸੇ, ਮ੍ਰਿਤਕ ਦੇ ਸਹੁਰੇ ਪਰਿਵਾਰ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੋਈ ਵਿਵਾਦ ਨਹੀਂ ਚਾਹੁੰਦੇ ਅਤੇ ਅੰਤਿਮ ਸੰਸਕਾਰ ਮ੍ਰਿਤਕ ਦੇ ਮਾਪੇ ਹੀ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਭਾਣਾ ਵਰਤ ਗਿਆ ਉਹ ਦੁਖਦਾਈ ਹੈ ਅਤੇ ਹੁਣ ਫੈਸਲਾ ਮ੍ਰਿਤਕ ਦੇ ਮਾਪਿਆਂ ‘ਤੇ ਛੱਡਿਆ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਉੱਠ ਰਹੀ ਹੈ।