ਸਾਂਸਦ ਗੁਰਜੀਤ ਔਜਲਾ ਦਾ ਭਾਜਪਾ ਵੱਲ ਨਿਸ਼ਾਨਾ/ ਮਹਿਲਾ ਰਿਸ਼ਰਵੇਸ਼ਨ ਬਿੱਲ ਬਾਰੇ ਭਰਮ ਫੈਲਾਉਣ ਦੇ ਇਲਜ਼ਾਮ/ ਜਨਗਣਨਾ ਤੋਂ ਬਿਨਾਂ ਰਿਜ਼ਰਵੇਸ਼ਨ ਨੂੰ ਦੱਸਿਆ ਅਸੰਭਵ

0
1

ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲੈ ਕੇ ਭਾਜਪਾ ਨੂੰ ਘੇਰਿਆ ਹੈ। ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਸਥਿਤ ਕਾਂਗਰਸ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਜਨਗਣਨਾ ਤੋਂ ਬਿਨਾਂ ਰਿਜ਼ਰਵੇਸ਼ਨ ਲਾਗੂ ਕਰਨਾ ਅਸੰਭਵ ਹੈ ਪਰ ਭਾਜਪਾ ਆਪਣੀ ਨਾਕਾਮੀ ਛੁਪਾਉਣ ਲਈ ਬੇਵਜ੍ਹਾ ਭਰਮ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਹਿਲਾਵਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਇਸ ਨੂੰ ਜਣਗਣਨਾ ਨਾਲ ਜੋੜ ਕੇ ਦੇਰੀ ਕੀਤੀ ਅਤੇ ਹੁਣ 2011 ਦੀ ਜਨਸੰਖਿਆਂ ਦੇ ਆਧਾਰ ’ਤੇ ਸੀਟਾਂ ਵੰਡ ਕੇ ਮਨਮਾਨੀ ਕਰਨਾ ਚਾਹੁੰਦੀ ਹੈ, ਜਿਸ ਕਾਰਨ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ 2023 ਵਿੱਚ ਪਾਸ ਹੋਏ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਕਾਂਗਰਸ ਪਾਰਟੀ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਸੀ ਅਤੇ ਇਹ ਵੀ ਮੰਗ ਕੀਤੀ ਗਈ ਸੀ ਕਿ ਇਸਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸਨੂੰ ਜਨਗਣਨਾ ਅਤੇ ਡਿਲੀਮੀਟੇਸ਼ਨ ਨਾਲ ਜੋੜ ਕੇ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ, ਜਿਸ ਨਾਲ ਮਹਿਲਾਵਾਂ ਨੂੰ ਹੱਕ ਮਿਲਣ ਵਿੱਚ ਰੁਕਾਵਟ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ 2011 ਦੀ ਜਨਸੰਖਿਆ ਦੇ ਆਧਾਰ ‘ਤੇ ਸੀਟਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਇਹ ਨਿਆਂਸੰਗਤ ਨਹੀਂ ਹੋਵੇਗਾ, ਕਿਉਂਕਿ ਅਸਲ ਹਾਲਾਤਾਂ ਦੀ ਝਲਕ ਨਹੀਂ ਮਿਲੇਗੀ।
ਉਨ੍ਹਾਂ ਦਲੀਲ ਦਿੱਤੀ ਕਿ ਨਵੀਂ ਜਾਤੀ ਜਨਗਣਨਾ ਦੇ ਆਧਾਰ ‘ਤੇ ਹੀ ਰਿਜ਼ਰਵੇਸ਼ਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਵਰਗ ਨੂੰ ਉਸਦਾ ਹੱਕ ਮਿਲ ਸਕੇ। ਔਜਲਾ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਮੁੱਖ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਮਹਿੰਗਾਈ ਅਤੇ ਵਿਦੇਸ਼ ਨੀਤੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਸ ਤਰ੍ਹਾਂ ਦੇ ਮਸਲੇ ਉੱਠਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਹੀ ਤਰੀਕੇ ਨਾਲ ਪ੍ਰਕਿਰਿਆ ਨਾ ਅਪਣਾਈ ਗਈ ਤਾਂ ਇਹ ਲੋਕਤੰਤਰ ਲਈ ਖਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੰਵਿਧਾਨ ਦੀ ਰੱਖਿਆ ਅਤੇ ਹਰ ਵਰਗ ਨੂੰ ਉਸਦਾ ਹੱਕ ਦਿਵਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਲਈ ਸੰਘਰਸ਼ ਜਾਰੀ ਰੱਖੇਗੀ।

LEAVE A REPLY

Please enter your comment!
Please enter your name here