ਲਾਰੈਂਸ ਬਿਸ਼ਨੋਈ ’ਤੇ ਡਾਕੂਮੈਂਟਰੀ ਸੀਰੀਜ਼ ਨੂੰ ਲੈ ਕੇ ਵਿਵਾਦ/ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੁੱਕੇ ਸਵਾਲ/ ਨੌਜਵਾਨਾਂ ਦੇ ਕਾਤਲ ਨੂੰ ਹੀਰੋ ਵਜੋਂ ਦਿਖਾਉਣ ਦਾ ਵਿਰੋਧ

0
2

ਗੈਂਗਸਟਰ ਲਾਰੈਂਸ ਬਿਸ਼ਨੋਈ ਉਤੇ ਬਣੀ ਵੈੱਬ ਸੀਰੀਜ਼ ਲਾਰੈਂਸ ਆਫ ਪੰਜਾਬ ਵਿਵਾਦਾਂ ਵਿਚ ਘਿਰ ਗਈ ਹੈ। ਕਾਂਗਰਸੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਉਤੇ ਸਖਤ ਇਤਰਾਜ਼ ਜਾਹਰ ਕਰਦਿਆਂ ਤੁਰੰਤ ਪਾਬੰਦੀ  ਲਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਕਾਤਲਾਂ ਨੂੰ ਹੀਰੋ ਵਜੋਂ ਪੇਸ਼ ਕਰਨਾ ਅਤੀ ਮੰਦਭਾਗਾ ਹੈ ਅਤੇ ਉਹ ਇਸ ਖਿਲਾਫ ਹਾਈ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੀਰੀਜ਼ ਮਨੋਰੰਜਨ ਨਹੀਂ, ਸਗੋਂ ਸਮਾਜ ਦੇ ਮੂੰਹ ‘ਤੇ ਇੱਕ ਥੱਪੜ ਵਾਂਗ ਹੈ।
ਵੜਿੰਗ ਨੇ ਕੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਨਾ ਸਿਰਫ਼ ਪੰਜਾਬੀਆਂ ਲਈ ਸਗੋਂ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਲਈ ਇੱਕ ਵੱਡਾ ਨੁਕਸਾਨ ਸੀ। ਉਨ੍ਹਾਂ ਸਵਾਲ ਕੀਤਾ ਕਿ ਕੋਈ ਪਲੇਟਫਾਰਮ ਅਜਿਹੀ ਸੀਰੀਜ਼ ਬਣਾਉਣ ਬਾਰੇ ਕਿਵੇਂ ਸੋਚ ਕਰ ਸਕਦਾ ਹੈ, ਜੋ ਗੈਂਗਸਟਰ ਨੂੰ ਗਲੋਰੀਫਾਈ ਕਰਦਾ ਦਿਖਾਈ ਦਿੰਦਾ ਹੋਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੁੱਦਾ ਇੱਕ ਵਿਅਕਤੀਗਤ ਮਾਮਲੇ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਸੰਗਠਿਤ ਅਪਰਾਧ ਨੈੱਟਵਰਕਾਂ ਨੇ ਪੰਜਾਬ ‘ਚ ਸੈਂਕੜੇ ਲੋਕਾਂ ਦੀ ਜਾਨ ਲਈ ਹੈ, ਜਿਸ ਨਾਲ ਕਈ ਪਰਿਵਾਰ ਲੰਬੇ ਸਮੇਂ ਤੋਂ ਦੁੱਖ ਹੰਢਾ ਰਹੇ ਹਨ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਅਜਿਹੇ ਲੋਕਾਂ ‘ਤੇ ਕੰਟੇਟ ਬਣਾਉਣ ਨਾਲ ਹਿੰਸਾ ਨੂੰ ਆਮ ਬਣਾਉਣ ਜਾਂ ਗਲੋਰੀਫਾਈ ਕਰਨ ਦਾ ਖ਼ਤਰਾ ਹੈ। ਪੰਜਾਬ ਦੀ ਅਸਲ ਪਛਾਣ ‘ਤੇ ਟਿੱਪਣੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਨੂੰ ਭਗਤ ਸਿੰਘ ਵਰਗੇ ਆਈਕਨਾਂ ਦੇ ਨਾਲ-ਨਾਲ ਇਸ ਦੇ ਸੈਨਿਕਾਂ ਤੇ ਕਿਸਾਨਾਂ ਲਈ ਜਾਣਿਆ ਜਾਣਾ ਚਾਹੀਦਾ ਹੈ ਨਾ ਕਿ ਗੈਂਗਸਟਰਾਂ ਲਈ। ਉਨ੍ਹਾਂ ਕਿਹਾ ਕਿ ਇਹ ਗਲਤ ਪਿਰਤ ਹੈ, ਜਿਸ ਖਿਲਾਫ ਸਮੂਹ ਪੰਜਾਬੀਆਂ ਨੂੰ ਇਕਜੁਟ ਹੋਣ ਦੀ ਲੋੜ ਹੈ।

LEAVE A REPLY

Please enter your comment!
Please enter your name here