ਪੰਜਾਬ ਫਾਜਿਲਕਾ ਦੇ ਫਲਾਈ ਓਵਰ ’ਤੇ ਡੈਡ ਬੋਡੀ ਰੱਖ ਕੇ ਪ੍ਰਦਰਸ਼ਨ/ ਨੌਜਵਾਨ ਦੀ ਮੌਤ ਮਾਮਲੇ ’ਚ ਮੰਗਿਆ ਇਨਸਾਫ਼/ ਕੰਬਾਈਨ ਮਾਲਕਾਂ ’ਤੇ ਕਤਲ ਦੇ ਲਾਏ ਇਲਜ਼ਾਮ By admin - April 21, 2026 0 1 Facebook Twitter Pinterest WhatsApp ਫਾਜਿਲਕਾ ’ਚ ਨੌਜਵਾਨ ਦੀ ਕੰਬਾਇਨ ਹੇਠਾਂ ਆ ਕੇ ਮੌਤ ਹੋਣ ਦਾ ਮਾਮਲਾ ਗਰਮਾ ਗਿਆ ਹੈ। ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਉਤੇ ਢਿੱਲੀ ਕਾਰਵਾਈ ਨੂੰ ਲੈ ਕੇ ਰੋਡ ਜਾਮ ਕਰ ਕੇ ਧਰਨਾ ਦਿੱਤਾ। ਇੱਥੇ ਫਲਾਈ ਓਵਰ ਉਪਰ ਲਾਸ਼ ਰੱਖ ਕੇ ਧਰਨਾ ਦੇ ਰਹੇ ਪਰਿਵਾਰ ਦਾ ਇਲਜਾਮ ਹੈ ਕਿ ਕੰਬਾਈਨ ਮਾਲਕ ਪਿਉ ਪੁੱਤਰਾਂ ਨੇ ਮ੍ਰਿਤਕ ਗੁਰਮੇਜ ਦਾ ਕੰਬਾਈਨ ਹੇਠਾਂ ਦੇ ਕੇ ਕਤਲ ਕੀਤਾ ਹੈ ਪਰ ਪੁਲਿਸ ਬਣਦੀ ਕਾਰਵਾਈ ਨਹੀਂ ਕਰ ਰਹੀ ਜਿਸ ਦੇ ਚਲਦਿਆਂ ਪਰਿਵਾਰ ਨੂੰ ਰੋਡ ਜਾਮ ਕਰ ਕੇ ਪ੍ਰਦਰਸ਼ਨ ਕਰਨਾ ਪਿਆ ਹੈ। ਇਸੇ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਮੌਕੇ ਤੇ ਪਹੁੰਚੀ ਪੁਲਿਸ ਨੇ ਬਣਦੀ ਕਾਰਵਾਈ ਦੀ ਭਰੋਸਾ ਦਿੱਤਾ, ਜਿਸ ਤੋਂ ਬਾਦ ਪਰਿਵਾਰ ਧਰਨਾ ਚੁੱਕਣ ਲਈ ਰਾਜੀ ਹੋਇਆ। ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਸਤੀਰ ਵਾਲਾ ਤੋਂ ਕਬੂਲ ਸ਼ਾਹ ਰੋਡ ਤੇ ਇੱਕ ਹਾਦਸਾ ਵਾਪਰਿਆ ਸੀ। ਮ੍ਰਿਤਕ ਕੰਬਾਈਨ ਤੇ ਕਣਕ ਵੱਢਣ ਗਿਆ ਸੀ, ਜਿੱਥੇ ਉਸ ਦਾ ਕੰਬਾਈਨ ਦੇ ਮਾਲਕ ਪਿਓ ਪੁੱਤ ਨਾਲ ਤਕਰਾਰ ਹੋ ਗਈ, ਜਿਸ ਤੋਂ ਬਾਦ ਉਨ੍ਹਾਂ ਨੇ ਗੁਰਮੇਜ ਸਿੰਘ ਨੂੰ ਧੱਕਾ ਦੇ ਦਿੱਤਾ। ਉਹ ਕੰਬਾਈਨ ਤੋਂ ਹੇਠਾਂ ਡਿੱਗ ਪਿਆ, ਜਿਸ ਦੇ ਉਪਰੋਂ ਕੰਬਾਈਨ ਦੇ ਟਾਇਰ ਲੰਘ ਗਏ। ਆਰੋਪ ਹਨ ਕਿ ਪੁਲਿਸ ਦੇ ਵੱਲੋਂ ਦੋਨੇ ਪਿਓ ਪੁੱਤਰਾਂ ਦੇ ਵਿੱਚੋਂ ਸਿਰਫ ਪਿਓ ਦੇ ਖਿਲਾਫ ਹੀ ਮਾਮਲਾ ਦਰਜ ਕੀਤਾ ਗਿਆ ਜਦ ਕਿ ਇਸ ਹਾਦਸੇ ਦੇ ਵਿੱਚ ਪਿਓ ਪੁੱਤ ਦੋਨੇ ਸ਼ਾਮਿਲ ਸਨ।। ਉਧਰ ਧਰਨਾ ਲੱਗਣ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ, ਜਿਨ੍ਹਾਂ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਦੱਸ ਦਈਏ ਕਿ ਕਣਕ ਦਾ ਸੀਜ਼ਨ ਚੱਲਦੇ ਹੋਣ ਕਾਰਨ ਧਰਨੇ ਪ੍ਰਦਰਸ਼ਨ ਦੌਰਾਨ ਹਾਈਵੇ ਤੇ ਵਹੀਕਲਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਜਿਸ ਕਾਰਨ ਟਰੱਕਾਂ ਦੇ ਡਰਾਈਵਰ ਵੀ ਪਰੇਸ਼ਾਨ ਹੋਏ। ਡਰਾਈਵਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਲਦ ਮਸਲਾ ਹੱਲ ਕਰ ਕੇ ਹਾਈਵੇ ਨੂੰ ਖੁਲਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੀਆਂ ਮੰਜ਼ਿਲਾਂ ਵੱਲ ਜਾ ਸਕਣ।