ਅੰਮ੍ਰਿਤਸਰ ‘ਚ ਅਕਾਲੀ ਦਲ ਪੁਨਰ ਸੁਰਜੀਤ ਦੀ ਪ੍ਰੈੱਸ ਕਾਨਫਰੰਸ/ ਸੁਖਬੀਰ ਬਾਦਲ ਦੀ ਅਕਾਲ ਤਖਤ ਕੋਲ ਸ਼ਿਕਾਇਤ ਦਾ ਐਲਾਨ/ ਜਵਾਬਦੇਹੀ ਤੈਅ ਕਰਨ ਲਈ ਸੌਂਪਿਆ ਜਾਵੇਗਾ ਮੰਗ ਪੱਤਰ

0
2

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਪਾਰਟੀ ਦੇ ਅੰਮ੍ਰਿਤਸਰ ਵਿਖੇ ਸਥਿਤ ਮੁੱਖ ਦਫਤਰ ਵਿਖੇ ਪਾਰਟੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਗਠਨ ਦੀ ਮਜਬੂਤੀ ਤੋਂ ਇਲਾਵਾ ਮੌਜੂਦਾ ਪੰਥਕ ਮਸਲਿਆਂ ਅਤੇ ਸਿਆਸੀ ਹਾਲਾਤਾਂ ‘ਤੇ ਵਿਚਾਰ-ਚਰਚਾ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣਾ ਨਾ ਸਿਰਫ਼ ਗਲਤ ਹੈ, ਸਗੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਸਾਜ਼ਿਸ਼ ਕਹਿਣਾ ਮੰਦਭਾਗਾ ਹੈ, ਇਸ ਲਈ ਪਾਰਟੀ ਵੱਲੋਂ ਇਹ ਮਾਮਲਾ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਅੱਗੇ ਉਠਾਇਆ ਜਾਵੇਗਾ।
ਉਹਨਾਂ ਦਾਅਵਾ ਕੀਤਾ ਕਿ ਇਹ ਫੈਸਲਾ ਖੁਦ ਸੁਖਬੀਰ ਬਾਦਲ ਦੇ ਕਬੂਲਨਾਮੇ ਦੇ ਅਧਾਰ ‘ਤੇ ਹੋਇਆ ਸੀ, ਇਸ ਲਈ ਇਸਨੂੰ ਸਾਜ਼ਿਸ਼ ਕਹਿਣਾ ਧਾਰਮਿਕ ਅਪਰਾਧ ਦੇ ਬਰਾਬਰ ਹੈ। ਉਹਨਾਂ ਅੱਗੇ ਕਿਹਾ ਕਿ ਪਾਰਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਸ ਮਾਮਲੇ ਵਿੱਚ ਦਰਖ਼ਾਸਤ ਦਿੱਤੀ ਜਾਵੇਗੀ ਅਤੇ ਸੁਖਬੀਰ ਬਾਦਲ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਸੰਪਰਕ ਕਰਕੇ ਇੱਕ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੀ ਗੰਭੀਰ ਚਿੰਤਾ ਜਤਾਈ ਗਈ। ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੋਣਾਂ ਨਾ ਹੋਣ ਕਾਰਨ ਪ੍ਰਬੰਧਕੀ ਪ੍ਰਣਾਲੀ ‘ਚ ਖਾਮੀਆਂ ਵਧ ਰਹੀਆਂ ਹਨ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ SGPC ਚੋਣਾਂ ਬਿਨਾਂ ਦੇਰੀ ਕਰਵਾਈਆਂ ਜਾਣ, ਨਹੀਂ ਤਾਂ ਪਾਰਟੀ ਵੱਲੋਂ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਬਿਆਨਾਂ ਨਾਲ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਹ ਪੰਜ ਪ੍ਰਧਾਨੀ ਪ੍ਰਣਾਲੀ ‘ਤੇ ਸਿੱਧਾ ਚੈਲੇਂਜ ਹੈ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਭ ਤੋਂ ਉੱਚੀ ਹੈ ਅਤੇ ਇਸ ‘ਤੇ ਕੋਈ ਵੀ ਸਵਾਲ ਨਹੀਂ ਉਠਾ ਸਕਦਾ। ਬੀਬੀ ਜਗੀਰ ਕੌਰ ਨੇ ਸਿਆਸਤ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਮਹਿਲਾਵਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਚੋਣਾਂ ‘ਚ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ। ਨਾਲ ਹੀ ਉਹਨਾਂ ਮੌਜੂਦਾ ਸਿਆਸੀ ਭਾਸ਼ਾ ਅਤੇ ਗਿਰਦੇ ਸੱਭਿਆਚਾਰ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਲੀਡਰਸ਼ਿਪ ਨੂੰ ਆਪਣੀ ਬੋਲੀ ਅਤੇ ਵਰਤੋਂ ‘ਚ ਸੁਧਾਰ ਲਿਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਵੱਖ-ਵੱਖ ਪੰਥਕ ਅਤੇ ਸਿਆਸੀ ਧਿਰਾਂ ਨਾਲ ਗੱਲਬਾਤ ਕਰਕੇ ਇੱਕ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰਿਆ ਜਾ ਸਕੇ।

LEAVE A REPLY

Please enter your comment!
Please enter your name here