ਫਰੀਦਕੋਟ ’ਚ ਦਾਦੀ ਵੱਲੋਂ ਪੋਤੀ ਨਾਲ ਕਰੂਰਤਾ ਦਾ ਮਾਮਲਾ/ ਚਾਇਲਡ ਵੈਲਫੇਅਰ ਕਮੇਟੀ ਵੱਲੋਂ ਕੇਸ ਦੀ ਸਿਫਾਰਸ਼/ ਦਾਦੀ ਦੀ ਹੋਈ ਕੌਂਸਲਿੰਗ, ਬੱਚੀ ਰਿਸ਼ਤੇਦਾਰ ਹਵਾਲੇ

0
1

 

ਫਰੀਦਕੋਟ ਵਿੱਚ ਮਹਿਲਾ ਏਐਸਆਈ ਵੱਲੋਂ ਆਪਣੀ 5 ਸਾਲਾ ਪੋਤੀ ਨਾਲ ਕਰੂਰਤਾ ਮਾਮਲੇ ਵਿੱਚ ਚਾਇਲਡ ਵੈਲਫੇਅਰ ਕਮੇਟੀ ਨੇ ਵੱਡਾ ਐਕਸ਼ਨ ਲਿਆ ਹੈ। ਕਮੇਟੀ ਨੇ ਜ਼ਿਲ੍ਹਾ ਪੁਲਿਸ ਨੂੰ ਦੋਸ਼ੀ ਏਐਸਆਈ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਮਹਿਲਾ ਏਐਸਆਈ ਸਰਬਜੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਲਈ ਚਾਇਲਡ ਵੈਲਫੇਅਰ ਕਮੇਟੀ ਨੂੰ ਪੱਤਰ ਭੇਜਿਆ ਗਿਆ ਸੀ। ਇਸ ਤੋਂ ਬਾਅਦ ਕਮੇਟੀ ਨੇ ਕਾਰਵਾਈ ਕਰਦਿਆਂ ਦੋਸ਼ੀ ਏਐਸਆਈ ਅਤੇ ਬੱਚੀ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਕਾਊਂਸਲਿੰਗ ਕੀਤੀ। ਕਮੇਟੀ ਨੇ ਬੱਚੀ ਦੇ ਪੁਰਤਗਾਲ ਰਹਿੰਦੇ ਮਾਪਿਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਬੱਚੀ ਨੂੰ ਛੇਤੀ ਹੀ ਆਪਣੇ ਨਾਲ ਲੈ ਜਾਣ ਦਾ ਭਰੋਸਾ ਦਿੱਤਾ ਹੈ।
ਵੀਡੀਓ ਕਾਲ ਰਾਹੀਂ ਹੋਈ ਗੱਲਬਾਤ ਦੌਰਾਨ ਮਾਪਿਆਂ ਨੇ ਜਲਦੀ ਭਾਰਤ ਆ ਕੇ ਬੱਚੀ ਨੂੰ ਆਪਣੇ ਨਾਲ ਲੈ ਜਾਣ ਦਾ ਭਰੋਸਾ ਦਿੱਤਾ ਹੈ। ਫਿਲਹਾਲ ਕਮੇਟੀ ਵੱਲੋਂ ਬੱਚੀ ਨੂੰ ਪਰਿਵਾਰ ਦੇ ਇੱਕ ਹੋਰ ਰਿਸ਼ਤੇਦਾਰ ਦੇ ਕੋਲ ਸੁਰੱਖਿਅਤ ਰੱਖਵਾਇਆ ਗਿਆ ਹੈ। ਇਸ ਸਬੰਧੀ ਚਾਇਲਡ ਵੈਲਫੇਅਰ ਕਮੇਟੀ ਦੀ ਮੈਂਬਰ ਤੇਜਿੰਦਰ ਪਾਲ ਕੌਰ ਅਤੇ ਐਡਵੋਕੇਟ ਅਵਿਨਾਸ਼ ਕੌਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਹੈ।
ਬੱਚੀ ਅਤੇ ਦੋਸ਼ੀ ਏਐਸਆਈ ਨਾਲ ਗੱਲਬਾਤ ਕਰਨ ਤੋਂ ਇਲਾਵਾ ਮਾਪਿਆਂ ਨਾਲ ਵੀ ਸੰਪਰਕ ਕੀਤਾ ਗਿਆ। ਮੁਹੱਲਾ ਵਾਸੀਆਂ ਦੀ ਸਹਿਮਤੀ ਨਾਲ ਬੱਚੀ ਦੀ ਜ਼ਿੰਮੇਵਾਰੀ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੂੰ ਸੌਂਪੀ ਗਈ ਹੈ। ਦੂਜੇ ਪਾਸੇ ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਚਾਇਲਡ ਵੈਲਫੇਅਰ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਏਐਸਆਈ ਸਰਬਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਪੁਲਿਸ ਵੱਲੋਂ ਪਹਿਲਾਂ ਹੀ ਉਸਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਥਾਣਾ ਸਦਰ ਵਿੱਚ ਤੈਨਾਤ ਮਹਿਲਾ ਏਐਸਆਈ ਸਰਬਜੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਆਪਣੀ 5 ਸਾਲਾ ਪੋਤੀ ਨੂੰ ਪਹਿਲਾਂ ਘਰ ਵਿੱਚ ਬੰਨ੍ਹਣ ਅਤੇ ਫਿਰ ਗੇਟ ਨਾਲ ਬੰਨ੍ਹਣ ਵਰਗੀ ਅਮਾਨਵੀ ਹਰਕਤ ਕਰਦੀ ਨਜ਼ਰ ਆਈ ਸੀ।

LEAVE A REPLY

Please enter your comment!
Please enter your name here