ਬਟਾਲਾ ’ਚ ‘ਆਪ’ ਦੀ ਵਿਸ਼ਾਲ ਰੈਲੀ/ਮੁੱਖ ਮੰਤਰੀ ਨੇ ਕੀਤੇ ਵੱਡੇ ਐਲਾਨ/ ਬਣੇਗਾ ਨਵਾਂ ਐਸਐਸਪੀ ਦਫਤਰ ਤੇ ਬੱਸ ਸਟੈਂਡ

0
3

ਬਟਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੁਸ਼ੋਧੀਆ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਬਟਾਲਾ ਵਾਸੀਆਂ ਨੂੰ ਦੋ ਵੱਡੇ ਤੋਹਫੇ ਦਿੱਤੇ। ਮੁੱਖ ਮੰਤਰੀ ਨੇ ਐਸਐਸਪੀ ਬਟਾਲਾ ਦਾ ਦਫਤਰ ਸ਼ਹਿਰ ਵਿੱਚੋਂ ਕੱਢ ਕੇ ਪੁਲਿਸ ਲਾਈਨ ਵਿੱਚ ਨਵੀਂ ਇਮਾਰਤ ਬਣਾਉਣ ਦੀ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਈ ਦਹਾਕੇ ਪੁਰਾਣਾ ਬੱਸ ਸਟੈਂਡ ਵੀ ਨਵਾਂ ਬਣਾਉਣ ਦੀ ਪ੍ਰਵਾਨਗੀ ਦਿੱਤੀ।
ਇਸ ਮੌਕੇ ਬਟਾਲਾ ਤੋਂ ਵਿਧਾਇਕ ਕਲਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਬਟਾਲਾ ਵਾਸੀਆਂ ਨੇ ਉਹਨਾਂ ਦਾ ਮਾਣ ਰੱਖਿਆ ਹੈ ਜਿਸ ਤਾਦਾਦ ਵਿੱਚ ਸੰਗਤ ਆਈ ,ਦੋ ਵਾਰ ਤੇ ਕੁਰਸੀਆਂ ਮੰਗਵਾਉਣੀਆਂ ਪਈਆਂ। ਜਦੋਂ ਕੁਰਸੀਆਂ ਵੀ ਖਤਮ ਹੋ ਗਈਆਂ ਤੇ ਸਾਨੂੰ ਟੈਂਟ ਖੋਲਣਾ ਪਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਅੱਜ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖੁਸ਼ ਹੋ ਕੇ ਗਏ ਨੇ ਉਹ ਕਦੀ ਵੀ ਕਿਸੇ ਦੀ ਰੈਲੀ ਦੇ ਵਿੱਚ ਖੁਸ਼ ਨਹੀਂ ਹੋਏ। ਨਾਲ ਹੀ ਕਲਸੀ ਨੇ ਭਾਵਕ ਹੁੰਦਿਆਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਲੋਕਾਂ ਦਾ ਜਿਨਾਂ ਨੇ ਅੱਜ ਮੇਰਾ ਮਾਣ ਰੱਖਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਵੱਲ ਤਿੱਖੇ ਨਿਸ਼ਾਨੇ ਸਾਧੇ। ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੀਆਂ 4 ਸਾਲਾਂ ਦੌਰਾਨ ਕੀਤੇ ਕੰਮ ਗਿਣਾਉਂਦਿਆਂ ਰਹਿੰਦੇ ਸਾਰੇ ਕੰਮ ਛੇਤੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ‘ਤੇ ਤੰਜ਼ ਕਸਿਆ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਖੋਖਲੇ ਵਾਅਦੇ ਅਤੇ ਗੱਲਾਂ ਕੀਤੀਆਂ ਸਨ, ਪਰ ਆਮ ਆਦਮੀ ਪਾਰਟੀ ਨੇ ਮਹਿਜ਼ 4 ਸਾਲਾਂ ਦੇ ਅੰਦਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ। ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੰਤ ਵਿਚ ਮੁੱਖ ਮੰਤਰੀ ਮਾਨ ਨੇ ਰੈਲੀ ਵਿਚ ਪਹੁੰਚੇ ਵੱਡੀ ਗਿਣਤੀ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here