
ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਈ–ਮੇਲ ਰਾਹੀਂ ਭੇਜੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਹ ਧਮਕੀ ਵੀ ਫ਼ੇਕ ਈ–ਮੇਲ ਹੋ ਸਕਦੀ ਹੈ। ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਹੋਰ ਕਈ ਨਿੱਜੀ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਕਰਕੇ ਸਕੂਲ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਬੱਚਿਆਂ ਨੂੰ ਘਰ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਐ।
ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਨੂੰ ਈ–ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਭੇਜੀ ਗਈ। ਉਸ ਸਮੇਂ ਸਕੂਲ ਵਿੱਚ ਬੱਚੇ ਅਤੇ ਸਟਾਫ ਮੌਜੂਦ ਸਨ। ਹਾਲਾਤ ਨੂੰ ਦੇਖਦੇ ਹੋਏ ਸਕੂਲ ਪ੍ਰਸ਼ਾਸਨ ਨੇ ਤੁਰੰਤ ਹੀ ਬੱਚਿਆਂ ਦੇ ਮਾਪਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਘਰ ਲਿਜਾਣ ਲਈ ਕਿਹਾ।
ਜਦੋਂ ਇਹ ਖ਼ਬਰ ਮੀਡੀਆ ਤੱਕ ਪੁੱਜੀ ਤਾਂ ਮੀਡੀਆ ਵੀ ਮੌਕੇ ‘ਤੇ ਆ ਗਈ ਅਤੇ ਲਗਾਤਾਰ ਕਵਰੇਜ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੀਡੀਆ ਦਾ ਵਿਹਾਰ ਮਾਹੌਲ ਨੂੰ ਹੋਰ ਪੈਨਿਕ ਬਣਾ ਰਿਹਾ ਹੈ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਹਾਲਾਤਾਂ ਨੂੰ ਬੇਵਜ੍ਹਾ ਡਰਾਉਣਾ ਨਾ ਬਣਾਇਆ ਜਾਵੇ, ਨਹੀਂ ਤਾਂ ਲੋਕਾਂ ਵਿੱਚ ਬੇਵਜ੍ਹਾ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੈ।
ਉੱਥੇ ਹੀ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਸਕੂਲ ਤੋਂ ਫੋਨ ਆਇਆ ਸੀ ਕਿ ਬੰਬ ਦੀ ਧਮਕੀ ਮਿਲੀ ਹੈ, ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਲੈਣ ਆਏ ਹਨ। ਸਕੂਲ ਸਟਾਫ ਨੇ ਦੱਸਿਆ ਕਿ ਈ–ਮੇਲ ਤਾਂ ਜ਼ਰੂਰ ਆਈ ਹੈ, ਪਰ ਪੁਲਿਸ ਪ੍ਰਸ਼ਾਸਨ ਉਸ ਦੀ ਜਾਂਚ ਕਰ ਰਿਹਾ ਹੈ ਅਤੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋਂ ਇਹ ਟਵੀਟ ਕਰਕੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਤੇ ਹੋਰ ਵੀ ਕਈ ਸਕੂਲਾਂ ਵਿੱਚ ਧਮਕੀ ਆਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

