
ਹਰੀਕੇ ਪੱਤਣ ਤੋਂ ਛੱਡੇ ਗਏ ਪਾਣੀ ਨੇ ਅਗਲੇ ਇਲਾਕਿਆਂ ਅੰਦਰ ਭਾਰੀ ਤਬਾਹੀ ਮਚਾਹੀ ਐ। ਇਨ੍ਹਾਂ ਇਲਾਕਿਆਂ ਅੰਦਰ 10 ਤੋਂ 15 ਫੁੱਟ ਤਕ ਪਾਣੀ ਚੱਲਿਆ ਜੋ ਆਪਣੇ ਰਸਤੇ ਵਿਚ ਆਈ ਹਰ ਚੀਜ਼ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ ਐ। ਅਜਿਹੀਆਂ ਹੀ ਦਿਲ-ਦਹਿਲਾਉਂਦੀਆਂ ਤਸਵੀਰਾਂ ਇਲਾਕੇ ਦੇ ਪਿੰਡ ਗੱਟਾ ਬਾਦਸ਼ਾਹ ਤੋਂ ਸਾਹਮਣੇ ਆਈਆਂ ਨੇ, ਜਿੱਥੇ ਦਰਿਆ ਦਾ ਪਾਣੀ ਇਕ ਪੂਰੇ ਘਰ ਨੂੰ ਆਪਣੇ ਨਾਲ ਰੋੜ ਕੇ ਲਿਜਾਂਦਾ ਦਿਖਾਈ ਦੇ ਰਿਹਾ ਐ।
ਘਰ ਦੇ ਬਾਹਰ ਖੜੇ ਟਰੈਕਟਰ ਨੂੰ ਦਰਿਆ ਦਾ ਪਾਣੀ ਤਾਸ਼ ਦੇ ਪੱਤੇ ਵਾਂਗ ਆਪਣੇ ਨਾਲ ਵਿਹਾਅ ਕੇ ਲੈ ਗਿਆ। ਇਸ ਮੰਜਰ ਨੂੰ ਬੰਨ੍ਹ ਤੇ ਖੜ੍ਹੇ ਲੋਕਾਂ ਨੇ ਆਪਣੇ ਕੈਮਰਿਆਂ ਵਿਚ ਕੈਦ ਕੀਤਾ, ਜਿਸ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਨੇ। ਘਰ ਦੇ ਮਾਲਕ ਮੌਕੇ ਦੇ ਹਾਲਾਤਾਂ ਦੇ ਦਿਲ-ਹਿਲੂਣੇ ਬਿਰਤਾਂਤ ਬਿਆਨ ਕੀਤੇ ਨੇ। ਪੀੜਤਾਂ ਨੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਕਿਸਾਨ ਨੇ ਦੱਸਿਆ ਕਿ ਹਰੀਕੇ ਹੈਡ ਵਰਕਰਸ ਵਿੱਚੋਂ ਇੰਨਾ ਜ਼ਿਆਦਾ ਪਾਣੀ ਛੱਡਿਆ ਗਿਆ ਸੀ ਕਿ ਉਹਨਾਂ ਨੂੰ ਇਸ ਵਿੱਚੋਂ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਇਥੋਂ ਤੱਕ ਜੋ ਉਹਨਾਂ ਦੇ ਮਾਲ ਡੰਗਰ ਸਨ, ਉਹਨਾਂ ਦੇ ਰੱਸੇ ਕੱਟ ਕੇ ਮਸਾਂ ਹੀ ਬਾਹਰ ਕੱਢਿਆ ਅਤੇ ਘਰ ਅੱਗੇ ਖੜ੍ਹਿਆ ਟਰੈਕਟਰ ਵੀ ਬੇਹਿਸਾਬੇ ਛੱਡੇ ਪਾਣੀ ਵਿੱਚ ਰੁੜ ਗਿਆ ਅਤੇ ਵੇਖਦੇ ਹੀ ਵੇਖਦੇ ਉਸ ਦਾ ਘਰ ਵੀ ਢਹਿ ਢੇਰੀ ਹੋ ਗਿਆ।
ਪੀੜਤ ਕਿਸਾਨ ਨੇ ਕਿਹਾ ਕਿ ਭਾਵੇਂ ਇਸ ਕੁਦਰਤੀ ਮਾਰ ਅੱਗੇ ਉਹ ਕੁੱਝ ਵੀ ਨਹੀਂ ਸੀ ਕਰ ਸਕਦੇ ਪਰ ਸਰਕਾਰ ਨੂੰ ਉਨ੍ਹਾਂ ਦੀ ਹਾਲਤ ਵੱਲ ਧਿਆਨ ਦੇਣਾ ਚਾਹੀਦਾ ਐ ਅਤੇ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਯੋਗ ਮੁਆਵਜਾ ਦੇਣਾ ਚਾਹੀਦਾ ਐ ਤਾਂ ਜੋ ਉਹ ਮੁੜ ਤੋਂ ਆਪਣੀ ਜ਼ਿੰਦਗੀ ਨੂੰ ਲੀਂਹ ਤੇ ਲਿਆ ਸਕਣ।


