
ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਐ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਰ ਵੱਲੋਂ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਕੀਤੀ ਐ। ਇਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਨਅਤਕਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸਨ, ਜਿਨ੍ਹਾਂ ਬਾਰੇ ਉਹ ਸਨਅਤਕਾਰ ਮਿਲਣੀ ‘ਚ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਲਈ ਸਰਕਾਰ ਨੇ ਹਰ ਸੈਕਟਰ ਦੀ ਇਕ ਕਮੇਟੀ ਅਤੇ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਫ਼ੈਸਲਾ ਲਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨਾਲ ਉਦਯੋਗ ਜਗਤ ਨੂੰ ਵੱਡਾ ਫ਼ਾਇਦਾ ਹੋਵੇਗਾ ਅਤੇ ਜੇਕਰ ਕਿਸੇ ਸੈਕਟਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਸੈਕਟਰ ਦੀ ਕਮੇਟੀ ਦਾ ਚੇਅਰਮੈਨ ਆ ਕੇ ਸਰਕਾਰ ਨਾਲ ਗੱਲਬਾਤ ਕਰ ਸਕਦਾ ਹੈ। ਇਸ ਲਈ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਨੂੰ ਸਹੂਲਤ ਦੇਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਫਾਇਰ ਬ੍ਰਿਗੇਡ ‘ਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ। ਉਹ ਪ੍ਰੈਕਟੀਕਲ ਪੇਪਰ ‘ਚੋਂ ਫੇਲ੍ਹ ਹੋ ਜਾਂਦੀਆਂ ਸਨ। ਇਸ ਦਾ ਕਾਰਨ ਸੀ ਕਿ ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ 60 ਕਿੱਲੋ ਭਾਰ ਦੀ ਬੋਰੀ ਚੁੱਕ ਕੇ ਭੱਜਣਾ ਪੈਂਦਾ ਸੀ ਪਰ ਹੁਣ ਕੁੜੀਆਂ ਲਈ ਇਸ ਭਾਰ ਨੂੰ ਘਟਾ ਕੇ 40 ਕਿੱਲੋ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਿੱਖਿਆ ‘ਚ ਬਹੁਤ ਅੱਗੇ ਜਾ ਰਿਹਾ ਹੈ ਅਤੇ ਨੈਸ਼ਨਲ ਸਰਵੇ ‘ਚ ਪਹਿਲੀ ਵਾਰ ਪੰਜਾਬ ਨੰਬਰ ਵਨ ‘ਤੇ ਆਇਆ ਹੈ। ਸਾਡੇ 800 ਤੋਂ ਉੱਪਰ ਬੱਚੇ ਨੀਟ ਕਲੀਅਰ ਕਰ ਗਏ ਹਨ ਅਤੇ ਪੰਜਾਬ ਤਰੱਕੀ ਕਰ ਰਿਹਾ ਹੈ।


