

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਐ। ਇਸ ਤਹਿਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜ਼ਮਾਂ ਦੇ ਤਾਰ ਬੀਤੇ ਦਿਨ ਬਠਿੰਡਾ ਦੇ ਰਿਲਾਇਸ ਮਾਲ ਨੇੜੇ ਸ਼ਰਾਬ ਦੇ ਠੇਕੇ ਚ ਹੋਈ ਲੁੱਟ ਨਾਲ ਜੁੜਦੇ ਨੇ। ਇਸ ਘਟਨਾ ਵਿਚ ਲੁਟੇਰੇ ਠੇਕੇ ਦੇ ਕਰਿੰਦੇ ਤੋਂ 10 ਹਜ਼ਾਰ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ ਸਨ। ਸਥਾਨਕ ਪੁਲਿਸ ਉਸੇ ਦਿਨ ਤੋਂ ਇਨ੍ਹਾਂ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਅਤੇ ਅੱਜ ਇਨ੍ਹਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੋਡਲ ਨੇ ਦੱਸਿਆ ਕਿ ਪੁਲਿਸ ਨੂੰ ਲੁਟੇਰਿਆਂ ਦੇ ਪਰਸਰਾਮ ਨਗਰ ਇਲਾਕੇ ਦੇ ਇਕ ਘਰ ਅੰਦਰ ਮੌਜੂਦ ਹੋਣ ਦੀ ਸੂਹ ਮਿਲੀ ਸੀ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਮੁਲਜਮਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲਿਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਨਹਿਰ ਦੀ ਪਟੜੀ ਨੇੜੇ ਉਨ੍ਹਾਂ ਨੇ ਮੁੜ ਗੋਲੀ ਚਲਾਈ, ਜਿਸ ਤੋਂ ਬਾਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।


