ਲਹਿਰਾਗਾਗਾ ’ਚ ਦੁੱਧ ਉਤਪਾਦਾਂ ਦੀ ਫੈਕਟਰੀ ’ਤੇ ਛਾਪੇਮਾਰੀ/ 2 ਕੁਇੰਟਲ ਪਨੀਰ ਬਰਾਮਦ, ਘਿਓ ਤੇ ਕਰੀਮ ਦੇ ਵੀ ਲਏ ਸੈਂਪਲ

0
11

 

ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਲਹਿਰਾਗਾਗਾ ਵਿਖੇ ਸਵੇਰਸਾਰ ਐਸਡੀਐਮ ਰਾਕੇਸ਼ ਪ੍ਰਕਾਸ਼ ਅਤੇ ਫੂਡ ਸੇਫਟੀ ਅਫਸਰ ਸੀਮਾ ਰਾਣੀ ਦੀ ਟੀਮ ਨੇ ਦੁੱਧ ਉਤਪਾਦ ਬਣਾਉਣ ਵਾਲੀ ਫੈਕਟਰੀ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ 2 ਕੁਇੰਟਲ ਪਨੀਰ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਦੇਸੀ ਘਿਓ ਅਤੇ ਕਰੀਮ ਬਰਾਮਦ ਕੀਤੀ। ਫੂਡ ਸੇਫਟੀ ਵਿਭਾਗ ਦੀ ਟੀਮ ਨੇ ਪਨੀਰ, ਦੇਸੀ ਘਿਓ, ਦਹੀਂ, ਕਰੀਮ ਅਤੇ ਪਨੀਰ ਦੇ ਸੈਂਪਲ ਭਰੇ ਹਨ। ਐਸਡੀਐਮ ਮੁਤਾਬਕ ਕਾਫ਼ੀ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਫਿਲਹਾਲ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ, ਜਿਸ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਹੋਵੇਗੀ।
ਐਸਡੀਐਮ ਰਾਕੇਸ਼ ਪ੍ਰਕਾਸ਼ ਨੇ ਦੱਸਿਆ ਕਿ ਇਸ ਫੈਕਟਰੀ ਖਿਲਾਫ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਫੂਡ ਸੇਫਟੀ ਵਿਭਾਗ ਸੰਗਰੂਰ ਦੀ ਟੀਮ ਨੂੰ ਨਾਲ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਉੱਧਰ, ਫੂਡ ਸੇਫਟੀ ਵਿਭਾਗ ਵੱਲੋਂ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਦੁੱਧ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸਡੀਐਮ ਰਾਕੇਸ਼ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਜੇਕਰ ਜਾਂਚ ਰਿਪੋਰਟ ਵਿੱਚ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਫੈਕਟਰੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਅਤੇ ਫੈਕਟਰੀ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਸਾਫ਼-ਸੁਥਰਾ ਅਤੇ ਮਿਆਰੀ ਖਾਣ-ਪੀਣ ਦਾ ਸਾਮਾਨ ਹੀ ਮੁਹੱਈਆ ਕਰਵਾਇਆ ਜਾਵੇ। ਫੂਡ ਸੇਫਟੀ ਵਿਭਾਗ ਨੇ ਵੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਆਖੀ ਹੈ।

LEAVE A REPLY

Please enter your comment!
Please enter your name here