ਅੰਮ੍ਰਿਤਸਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ/ 8 ਸਾਲਾ ਬੱਚੀ ਤੇ ਮਾਂ ’ਤੇ ਜਾਨਲੇਵਾ ਹਮਲਾ/ ਬੱਚੀ ਨੂੰ ਘਸੀਟ ਕੇ ਕੁੱਟਣ ਦੀ ਵੀਡੀਓ ਵਾਇਰਲ

0
2

ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਦਸ਼ਮੇਸ਼ ਨਗਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 8 ਸਾਲਾ  ਬੱਚੀ ਮਾਨਿਆ ਅਤੇ ਉਸ ਦੀ ਮਾਂ ਪ੍ਰਿਯੰਕਾ ’ਤੇ ਗੁਆਂਢ ਰਹਿਣ ਵਾਲੀ ਇੱਕ ਲੜਕੀ ਵੱਲੋਂ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਗਿਆ। ਪੂਰੀ ਘਟਨਾ ਇਲਾਕੇ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਹਮਲਾਵਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦਿਮਾਗੀ ਤੌਰ ਤੇ ਪ੍ਰਸ਼ਾਨ ਦੱਸੀ ਜਾ ਰਹੀ ਹੈ। ਪੀੜਤ ਮਾਂ-ਧੀ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ।
ਪੀੜਤ ਬੱਚੀ ਦੀ ਮਾਂ ਪ੍ਰਿਯੰਕਾ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਆਪਣੇ ਬੱਚਿਆਂ ਨੂੰ ਗਲੀ ਦੀ ਦੁਕਾਨ ਤੋਂ ਸਾਮਾਨ ਦਿਵਾਉਣ ਲਈ ਗਈ ਸੀ। ਵਾਪਸੀ ਦੌਰਾਨ ਗੁਆਂਢ ਵਿੱਚ ਰਹਿਣ ਵਾਲੀ ਅਨਮੋਲ ਨਾਮਕ ਲੜਕੀ ਆਪਣੇ ਘਰ ਦੇ ਦਰਵਾਜ਼ੇ ’ਤੇ ਖੜ੍ਹੀ ਸੀ। ਪਰਿਵਾਰ ਮੁਤਾਬਕ, ਉਸ ਨੇ ਬੱਚੀ ਦੀ ਮਾਂ ਨੂੰ ਕਥਿਤ ਤੌਰ ’ਤੇ ਧਮਕੀ ਦਿੰਦਿਆਂ ਰੁਕਣ ਲਈ ਕਿਹਾ। ਡਰ ਕਾਰਨ ਜਦੋਂ ਮਾਂ ਨੇ ਰੌਲਾ ਪਾਇਆ ਅਤੇ ਪਰਿਵਾਰ ਨੂੰ ਮਦਦ ਲਈ ਬੁਲਾਉਣ ਵਾਸਤੇ ਦੌੜੀ ਤਾਂ ਕਥਿਤ ਤੌਰ ’ਤੇ ਲੜਕੀ ਨੇ ਪਿੱਛੋਂ 8 ਸਾਲਾ ਮਾਨਿਆ ’ਤੇ ਹਮਲਾ ਕਰ ਦਿੱਤਾ।
ਬੱਚੀ ਨੂੰ ਬਚਾਉਣ ਲਈ ਜਦੋਂ ਉਸ ਦੀ ਮਾਂ ਵਾਪਸ ਦੌੜੀ ਤਾਂ ਕਥਿਤ ਹਮਲਾਵਰ ਲੜਕੀ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਨੂੰ ਹੇਠਾਂ ਸੁੱਟ ਦਿੱਤਾ। ਪਰਿਵਾਰ ਦੇ ਦੋਸ਼ਾਂ ਅਨੁਸਾਰ ਇਸ ਤੋਂ ਬਾਅਦ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਉਸ ਦਾ ਗਲਾ ਦਬਾਉਣ ਅਤੇ ਚਿਹਰੇ ਤੇ ਰੀੜ੍ਹ ਦੀ ਹੱਡੀ ’ਤੇ ਮੁੱਕੇ ਮਾਰਨ ਦੇ ਵੀ ਦੋਸ਼ ਲਗਾਏ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਨੂੰ ਘਸੀਟ ਕੇ ਘਰ ਵੱਲ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਗਈ।
ਚਸ਼ਮਦੀਦਾਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ, ਹਮਲਾਵਰ ਵੱਲੋਂ ਕਥਿਤ ਤੌਰ ’ਤੇ ਬੱਚੀ ਨੂੰ ਇੱਟ ਨਾਲ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ। ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਅਤੇ ਰਿਸ਼ਤੇਦਾਰ ਮੌਕੇ ’ਤੇ ਪਹੁੰਚੇ ਅਤੇ ਕਿਸੇ ਤਰ੍ਹਾਂ ਬੱਚੀ ਅਤੇ ਉਸ ਦੀ ਮਾਂ ਨੂੰ ਛੁਡਵਾਇਆ। ਇਸ ਘਟਨਾ ਵਿੱਚ ਬੱਚੀ ਅਤੇ ਉਸ ਦੀ ਮਾਂ ਦੇ ਜ਼ਖ਼ਮੀ ਹੋਣ ਦੀ ਗੱਲ ਪਰਿਵਾਰ ਵੱਲੋਂ ਕਹੀ ਗਈ ਹੈ। ਬੱਚੀ ਦੇ ਪਿਤਾ ਪੰਕਜ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਸ ਨੂੰ ਪਹਿਲਾਂ ਤੋਂ ਹੀ ਨਸਾਂ ਨਾਲ ਸਬੰਧਤ ਸਮੱਸਿਆ ਹੈ, ਜਿਸ ਦਾ ਪਿਛਲੇ ਕਈ ਸਾਲਾਂ ਤੋਂ ਇਲਾਜ ਚੱਲ ਰਿਹਾ ਹੈ। ਪੰਕਜ ਮੁਤਾਬਕ, ਉਨ੍ਹਾਂ ਦਾ ਪਰਿਵਾਰ ਸਾਲ 1978 ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਕਿਸੇ ਗੁਆਂਢੀ ਨਾਲ ਕੋਈ ਵਿਵਾਦ ਜਾਂ ਰੰਜਿਸ਼ ਨਹੀਂ ਰਹੀ।
ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਲੜਕੀ ਦੇ ਪਰਿਵਾਰਕ ਮੈਂਬਰ ਉਸ ਨੂੰ ਰੋਕਣ ਦੀ ਬਜਾਏ ਉਸ ਦਾ ਬਚਾਅ ਕਰਦੇ ਹਨ ਅਤੇ ਬਾਅਦ ਵਿੱਚ ਇਹ ਕਹਿ ਕੇ ਮਾਮਲੇ ਤੋਂ ਪੱਲਾ ਝਾੜ ਲੈਂਦੇ ਹਨ ਕਿ ਲੜਕੀ ਮਾਨਸਿਕ ਤੌਰ ’ਤੇ ਬਿਮਾਰ ਹੈ ਅਤੇ ਉਸ ਕੋਲ ਮੈਂਟਲ ਹਸਪਤਾਲ ਨਾਲ ਸਬੰਧਤ ਦਸਤਾਵੇਜ਼ ਹਨ। ਪਰਿਵਾਰ ਨੇ ਸਵਾਲ ਕੀਤਾ ਕਿ ਜੇਕਰ ਲੜਕੀ ਦੀ ਮਾਨਸਿਕ ਸਿਹਤ ਸਬੰਧੀ ਸਮੱਸਿਆ ਹੈ ਤਾਂ ਉਸ ਨੂੰ ਹੋਰਨਾਂ ਲੋਕਾਂ ’ਤੇ ਹਮਲਾ ਕਰਨ ਤੋਂ ਰੋਕਣ ਲਈ ਪਰਿਵਾਰ ਵੱਲੋਂ ਉਚਿਤ ਕਦਮ ਕਿਉਂ ਨਹੀਂ ਚੁੱਕੇ ਜਾਂਦੇ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਉੱਧਰ, ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਕਜ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਸਬੰਧਤ CCTV ਫੁਟੇਜ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਅਨੁਸਾਰ ਜੇਕਰ ਮੁਲਜ਼ਮ ਲੜਕੀ ਦੇ ਮਾਨਸਿਕ ਤੌਰ ’ਤੇ ਅਸਵਸਥ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦੇ ਮੈਡੀਕਲ ਰਿਕਾਰਡ ਅਤੇ ਹਸਪਤਾਲ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਤੱਥਾਂ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here