ਅੰਮ੍ਰਿਤਸਰ ’ਚ ਅਕਾਲੀ ਦਲ ਵਾਰਿਸ ਪੰਜਾਬ ਦਾ ਇਕੱਠ/ ਨਸ਼ਾ ਪੀੜਤ ਪਰਿਵਾਰਾਂ ਦੀਆਂ ਔਰਤਾਂ ਨੇ ਕੀਤੀ ਸ਼ਮੂਲੀਅਤ/ ਮਾਤਾ ਬਲਵਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸੰਬੋਧਨ

0
2

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅੱਜ ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿਚ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੋਂ ਇਲਾਵਾ ਜਿਲ੍ਹੇ ਦੇ ਕਈ ਆਗੂ ਮੌਜੂਦ ਰਹੇ। ਇਕੱਠ ਵਿਚ ਨਸ਼ਾ ਪੀੜਤ ਪਰਿਵਾਰਾਂ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਨਸ਼ਿਆਂ ਦੇ ਖਾਤਮੇ ਲਈ ਪਾਰਟੀ ਨਾਲ ਖੜ੍ਹਣ ਦਾ ਐਲਾਨ ਕੀਤਾ। ਪਾਰਟੀ ਆਗੂਆਂ ਨੇ ਪੀੜਤ ਪਰਿਵਾਰਾਂ ਨੂੰ ਨਸ਼ੇ ਖਤਮ ਕਰਨ ਅਤੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਪਾਰਟੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਮਾਤਾ ਬਲਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਪਧਰੀ ਨੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਪ੍ਰਕੋਪ, ਬੰਦੀ ਸਿੰਘਾਂ ਦੀ ਰਿਹਾਈ ਅਤੇ ਮੌਜੂਦਾ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਅਤੇ ਸਿਆਸੀ ਪਾਰਟੀਆਂ ’ਤੇ ਤਿੱਖੇ ਹਮਲੇ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੀ ਹਰ ਮਾਂ ਨਸ਼ਿਆਂ ਕਾਰਨ ਆਪਣੇ ਪੁੱਤਰਾਂ ਦੇ ਭਵਿੱਖ ਨੂੰ ਲੈ ਕੇ ਬੇਹੱਦ ਦੁਖੀ ਅਤੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਗੁਮਟਾਲਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ।
ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਸਾਡਾ ਮੁੱਖ ਏਜੰਡਾ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰਨਾ ਅਤੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣਾ ਹੈ, ਜੋ ਆਪਣੀ ਨਿਰਧਾਰਤ ਸਜ਼ਾ ਤੋਂ ਦੋ ਤੋਂ ਤਿੰਨ ਗੁਣਾ ਵੱਧ ਸਮਾਂ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ। ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਅਕਾਲੀ ਦਲ ਨੇ 25 ਸਾਲ ਰਾਜ ਕੀਤਾ, ਕਾਂਗਰਸ ਸੱਤਾ ਵਿੱਚ ਰਹੀ ਅਤੇ ਆਮ ਆਦਮੀ ਪਾਰਟੀ ਨੂੰ ਵੀ ਕਈ ਸਾਲ ਹੋ ਚੁੱਕੇ ਹਨ, ਪਰ ਕੋਈ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਵੀ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੰਮ ਕੀਤਾ ਹੈ, ਇਸ ਲਈ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ’ਤੇ ਭਰੋਸਾ ਹੈ।
ਉੱਥੇ ਹੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਅੰਮ੍ਰਿਤਸਰ ਪ੍ਰਧਾਨ ਸ਼ਮਸ਼ੇਰ ਸਿੰਘ ਪਧਰੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਪਧਰੀ ਨੇ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਸਿਆਸੀ ਮੁਹਿੰਮ ਅਤੇ ਡਰਾਮਾ ਕਰਾਰ ਦਿੱਤਾ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਦਾ ਇਲਾਕਾ ਕੇਂਦਰੀ ਸੁਰੱਖਿਆ ਬਲਾਂ ਦੇ ਦਾਇਰੇ ਵਿੱਚ ਆਉਂਦਾ ਹੈ। ਜਦੋਂ ਸਰਹੱਦ ਦੀ ਸੁਰੱਖਿਆ, ਤਕਨਾਲੋਜੀ ਅਤੇ ਸਾਰੀ ਤਾਕਤ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਤਾਂ ਫਿਰ ਸਰਹੱਦ ਪਾਰੋਂ ਡਰੋਨ ਰਾਹੀਂ ਵੱਡੀ ਮਾਤਰਾ ਵਿੱਚ ਨਸ਼ਾ ਪੰਜਾਬ ਵਿੱਚ ਕਿਵੇਂ ਪਹੁੰਚ ਰਿਹਾ ਹੈ?
ਪਧਰੀ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਅਤੇ ਅਰਵਿੰਦ ਕੇਜਰੀਵਾਲ ਨੇ ਕੁਝ ਹੀ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ, ਪਰ ਇਹ ਸਾਰੇ ਵਾਅਦੇ ਖੋਖਲੇ ਸਾਬਤ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੀ ਅਜਿਹੇ ਆਗੂ ਹਨ, ਜਿਨ੍ਹਾਂ ਨੇ ਨਸ਼ਾ ਮੁਕਤੀ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਦਿਖਾਇਆ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਪਧਰੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਜਾਗਰੂਕ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਵੱਡੇ ਸਿਆਸੀ ਬਦਲਾਅ ਦਾ ਦਾਅਵਾ ਕੀਤਾ।

LEAVE A REPLY

Please enter your comment!
Please enter your name here