ਅਜਨਾਲਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ/ ਤਿੰਨ ਥਾਵਾਂ ਤੋਂ ਡੇਅਰੀ ਉਤਪਾਦਾਂ ਦੇ ਸੈਂਪਲ ਭਰੇ/ ਮਿਲਾਵਟਖੋਰੀ ਖ਼ਿਲਾਫ਼ ਕੱਸਿਆ ਸ਼ਿਕੰਜਾ

0
2

ਲੋਕਾਂ ਨੂੰ ਸਾਫ਼-ਸੁਥਰਾ ਅਤੇ ਮਿਲਾਵਟ ਰਹਿਤ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਅਜਨਾਲਾ ਖੇਤਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ’ਤੇ ਜਾਂਚ ਕਰਦਿਆਂ ਤਿੰਨ ਸਥਾਨਾਂ ਤੋਂ ਡੇਅਰੀ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਕਰੀਬ ਪੰਜ ਸੈਂਪਲ ਭਰੇ। ਵਿਭਾਗ ਵੱਲੋਂ ਲਏ ਗਏ ਸੈਂਪਲਾਂ ਨੂੰ ਗੁਣਵੱਤਾ ਦੀ ਜਾਂਚ ਲਈ ਸਟੇਟ ਲੈਬਾਰਟਰੀ ਭੇਜਿਆ ਜਾਵੇਗਾ। ਅਧਿਕਾਰੀਆਂ ਨੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਲਈ ਜਨਤਾ ਤੋਂ ਸਹਿਯੋਗ ਮੰਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ  DHO ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੋ ਡੇਅਰੀਆਂ ਅਤੇ ਇੱਕ ਦੁਕਾਨ ’ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਆਈਸਕ੍ਰੀਮ, ਬਰਫ਼ੀ, ਦੁੱਧ, ਦੇਸੀ ਘਿਓ ਅਤੇ ਦਹੀਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਸੈਂਪਲਾਂ ਦੀ ਲੈਬਾਰਟਰੀ ਜਾਂਚ ਤੋਂ ਬਾਅਦ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਜਾਂਚ ਦੌਰਾਨ ਕਿਸੇ ਖਾਣ-ਪੀਣ ਵਾਲੀ ਵਸਤੂ ਦੀ ਗੁਣਵੱਤਾ ਮਾਪਦੰਡਾਂ ਮੁਤਾਬਕ ਨਹੀਂ ਪਾਈ ਜਾਂਦੀ ਤਾਂ ਨਿਯਮਾਂ ਅਨੁਸਾਰ ਸਬੰਧਤ ਵਿਅਕਤੀ ਜਾਂ ਸੰਸਥਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
DHO ਮਨਜੀਤ ਸਿੰਘ ਨੇ ਦੱਸਿਆ ਕਿ ਅਜਨਾਲਾ ਖੇਤਰ ਵਿੱਚ ਖਾਣ-ਪੀਣ ਦੀਆਂ ਵਸਤਾਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਵੀ ਟੀਮ ਵੱਲੋਂ ਮੁੜ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਥਾਵਾਂ ’ਤੇ ਸਫ਼ਾਈ ਜਾਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਸਬੰਧੀ ਸਮੱਸਿਆ ਸਾਹਮਣੇ ਆਉਂਦੀ ਹੈ, ਉੱਥੇ ਸੈਂਪਲਿੰਗ ਦੇ ਨਾਲ-ਨਾਲ ਨਿਯਮਾਂ ਮੁਤਾਬਕ ਚਲਾਨ ਵੀ ਕੀਤੇ ਜਾ ਸਕਦੇ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਗੁਣਵੱਤਾ ਵਾਲੀਆਂ ਵਸਤਾਂ ਹੀ ਵੇਚਣ। ਉਨ੍ਹਾਂ ਕਿਹਾ ਕਿ ਦੁਕਾਨਦਾਰ ਥੋੜ੍ਹਾ ਘੱਟ ਮੁਨਾਫ਼ਾ ਕਮਾ ਕੇ ਵੀ ਜੇਕਰ ਲੋਕਾਂ ਨੂੰ ਚੰਗੀ ਅਤੇ ਸਾਫ਼ ਵਸਤੂ ਮੁਹੱਈਆ ਕਰਵਾਉਣ ਤਾਂ ਇਸ ਨਾਲ ਸਮਾਜ ਦੀ ਸਿਹਤ ਬਿਹਤਰ ਰਹੇਗੀ। ਘਟੀਆ ਜਾਂ ਮਿਲਾਵਟੀ ਸਮਾਨ ਵੇਚਣ ਦਾ ਮਾੜਾ ਪ੍ਰਭਾਵ ਕਿਸੇ ਵੀ ਪਰਿਵਾਰ ਤੱਕ ਪਹੁੰਚ ਸਕਦਾ ਹੈ।
ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਖਰੀਦਣ ਸਮੇਂ ਗੁਣਵੱਤਾ ਅਤੇ ਸਫ਼ਾਈ ਦਾ ਖਾਸ ਧਿਆਨ ਰੱਖਣ। ਜਿੱਥੇ ਸਫ਼ਾਈ ਦੇ ਪ੍ਰਬੰਧ ਠੀਕ ਨਾ ਹੋਣ, ਉੱਥੇ ਖਾਣ-ਪੀਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਘਰ ਦਾ ਸਾਫ਼ ਅਤੇ ਪੌਸ਼ਟਿਕ ਭੋਜਨ ਖਾਣ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ। ਸਿਹਤ ਵਿਭਾਗ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਦੁਕਾਨ, ਡੇਅਰੀ ਜਾਂ ਹੋਰ ਸਥਾਨ ’ਤੇ ਮਿਲਾਵਟੀ, ਘਟੀਆ ਜਾਂ ਗਲਤ ਖਾਣ-ਪੀਣ ਦਾ ਸਮਾਨ ਵੇਚਿਆ ਜਾ ਰਿਹਾ ਹੈ ਤਾਂ ਇਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਜਾਂਚ ਕਰਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ।

LEAVE A REPLY

Please enter your comment!
Please enter your name here