ਦੀਨਾਨਗਰ ਬੀਡੀਪੀਓ ਦਫਤਰ ਅੱਗੇ ਮਜ਼ਦੂਰਾਂ ਦਾ ਪ੍ਰਦਰਸ਼ਨ/ ਕਿਸ਼ਤਾਂ ਜਾਰੀ ਕਰਨ ਦੀ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ/ ਆਵਾਸ ਯੋਜਨਾ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ

0
1

 

ਮਜ਼ਦੂਰਾਂ ਦੀਆਂ ਵੱਖ-ਵੱਖ ਮੰਗਾਂ ਦੀ ਪ੍ਰਾਪਤੀ ਲਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਬੀਡੀਪੀਓ ਦਫ਼ਤਰ ਦੀਨਾਨਗਰ ਵਿਖੇ ਰੋਸ ਧਰਨਾ ਦਿੱਤਾ ਗਿਆ।  ਯੂਨੀਅਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਕੱਚੇ ਘਰਾਂ ਲਈ ਸਿਰਫ਼ ਇੱਕ ਕਿਸ਼ਤ ਜਾਰੀ ਹੋਈ ਹੈ। ਮਜ਼ਦੂਰਾਂ ਨੇ ਬਾਕੀ ਰਹਿੰਦੀਆਂ ਕਿਸ਼ਤਾਂ ਵੀ ਛੇਤੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਜਿਹੜੇ ਲੋੜਵੰਦ ਪਰਿਵਾਰ ਸਰਕਾਰੀ ਗ੍ਰਾਂਟਾਂ ਤੋਂ ਪੂਰੀ ਤਰ੍ਹਾਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਵੀ ਬਣਦੀਆਂ ਗ੍ਰਾਂਟਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਮਨਰੇਗਾ ਤਹਿਤ ਵੱਧ ਤੋਂ ਵੱਧ ਕੰਮ ਮੁਹੱਈਆ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਨਹਿਰਾਂ, ਕੱਸੀਆਂ, ਖਾਲਾਂ, ਡਰੇਨਾਂ ਅਤੇ ਸੜਕਾਂ ‘ਤੇ ਮਿੱਟੀ ਪਾਉਣ ਸਮੇਤ ਸ਼ਮਸ਼ਾਨ ਘਾਟ, ਸਟੇਡੀਅਮਾਂ, ਸਕੂਲਾਂ ਅਤੇ ਗਰਾਊਂਡਾਂ ਆਦਿ ਨਾਲ ਸਬੰਧਤ ਬੰਦ ਪਏ ਕੰਮ ਮੁੜ ਚਾਲੂ ਕੀਤੇ ਜਾਣ।
ਜਿਨ੍ਹਾਂ ਲੋੜਵੰਦ ਮਜ਼ਦੂਰਾਂ ਦੇ ਜੌਬ ਕਾਰਡ ਕੱਟੇ ਗਏ ਹਨ, ਉਨ੍ਹਾਂ ਨੂੰ ਮੁੜ ਬਹਾਲ ਕਰਨ, ਪਿਛਲੇ ਸਮੇਂ ਦੌਰਾਨ ਕੰਮ ਕਰ ਚੁੱਕੇ ਮਜ਼ਦੂਰਾਂ ਦੇ ਮਸਟਰੋਲ ਫਿਲ ਨਾ ਹੋਣ ਕਾਰਨ ਰੁਕੇ ਬਕਾਏ ਜਾਰੀ ਕਰਨ ਅਤੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣਾ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਅਤੇ ਮਹਿੰਗਾਈ ਦੇ ਅਨੁਪਾਤ ਅਨੁਸਾਰ ਆਮ ਮਜ਼ਦੂਰਾਂ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ।
ਯੂਨੀਅਨ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਅਤੇ ਪੇਂਡੂ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਮੰਗਾਂ ਦਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਅੰਤ ਵਿੱਚ ਧਰਨੇ ਦੀ ਸਮਾਪਤੀ ਜ਼ੋਰਦਾਰ ਨਾਅਰੇਬਾਜ਼ੀ ਨਾਲ ਕੀਤੀ ਗਈ।

LEAVE A REPLY

Please enter your comment!
Please enter your name here