ਮੋਗਾ ਪਹੁੰਚੀ ਖੇਡਾਂ ਵਤਨ ਪੰਜਾਬ ਦੀਆਂ-2026 ਦੀ ਮਸ਼ਾਲ/ ਵਿਧਾਇਕ ਅਮਨਦੀਪ ਅਰੋੜਾ ਤੇ ਡੀਸੀ ਵੱਲੋਂ ਭਰਵਾਂ ਸਵਾਗਤ/ ਖੇਡਾਂ ਦੇ ਰੰਗ ’ਚ ਰੰਗਿਆ ਦਿਖਾਈ ਦਿੱਤਾ ਪੂਰਾ ਮੋਗਾ ਸ਼ਹਿਰ

0
2

 

ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਅੱਜ ਮੋਗਾ ਜ਼ਿਲ੍ਹੇ ਵਿੱਚ ਦਾਖਲ ਹੋਈ, ਜਿੱਥੇ ਇਸ ਦਾ ਪੂਰੇ ਜੋਸ਼ੋ-ਖਰੋਸ਼ ਅਤੇ ਮਾਣ-ਸਨਮਾਨ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੋਗਾ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਮਸ਼ਾਲ ਮਾਰਚ ਦੀ ਅਗਵਾਈ ਕਰਦਿਆਂ ਇਸ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਸਰਕਾਰ ਦਾ ਇੱਕ ਅਹਿਮ ਉਪਰਾਲਾ ਹੈ, ਜਿਸ ਦਾ ਮਕਸਦ ਪੰਜਾਬ ਦੇ ਬੱਚਿਆਂ, ਨੌਜਵਾਨਾਂ ਅਤੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਰੱਖਣਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦਾ ਯੂਥ ਗਰਾਊਂਡਾਂ ਵਿੱਚ ਨਜ਼ਰ ਆਵੇ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ, ਤਾਂ ਜੋ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦੀ ਸ਼ੁਰੂਆਤ 5 ਸਤੰਬਰ ਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਕੱਢੀ ਗਈ ਵਿਸ਼ਾਲ ਮਸ਼ਾਲ ਮਾਰਚ ਦੇ ਮੋਗਾ ਪਹੁੰਚਣ ’ਤੇ ਉਨ੍ਹਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਦੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਡਾ. ਅਰੋੜਾ ਨੇ ਕਿਹਾ ਕਿ ਉਹ ਹਮੇਸ਼ਾ ਖਿਡਾਰੀਆਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਹਨ ਅਤੇ ਆਪਣੇ ਪਿੰਡ ਕੋਕਰੀ ਕਲਾਂ ਵਿੱਚ ਵੀ ਵੱਖ-ਵੱਖ ਖੇਡ ਮੁਕਾਬਲੇ ਕਰਵਾਉਂਦੇ ਹਨ।
ਵਿਧਾਇਕਾ ਨੇ ਕਿਹਾ ਕਿ ਇਸ ਮੌਕੇ ਮੋਗਾ ਦੇ ਏ.ਡੀ.ਸੀ., ਐੱਸ.ਡੀ.ਐੱਮ., ਮੇਅਰ ਵਿਨੇਪਾਲ ਕੌਰ, ਕਾਲਾ ਬਾਜ਼ਾਜ ਗੌਰਵ ਗਰਗ ਸਮੇਤ ਐੱਮ.ਸੀ. ਸਾਹਿਬਾਨ ਨੇ ਵੀ ਸ਼ਮੂਲੀਅਤ ਕੀਤੀ, ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਮੁੱਖ ਮਕਸਦ ਪੰਜਾਬ ਦੇ ਹਰ ਬੱਚੇ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮੋਗਾ ਦੀ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਰਹਿ ਚੁੱਕੀ ਹੈ, ਜਦਕਿ ਖੋਸਾ ਪਾਂਡੋ ਦੇ ਤਜਿੰਦਰ ਪਾਲ ਸਿੰਘ ਤੂੰਰ ਨੇ ਵੀ ਕੌਮਾਂਤਰੀ ਪੱਧਰ ’ਤੇ ਪੰਜਾਬ ਅਤੇ ਮੋਗਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਗਾ ਦੇ ਕਈ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਡਾ. ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇੱਕ-ਇੱਕ ਕਰੋੜ ਰੁਪਏ ਤੱਕ ਦੀ ਇਨਾਮੀ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਖਿਡਾਰੀਆਂ ਨੂੰ ਉਨ੍ਹਾਂ ਦੀ ਟ੍ਰੇਨਿੰਗ ਲਈ 8-8 ਲੱਖ ਰੁਪਏ ਤੱਕ ਦੀ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਇਸ ਸੀਜ਼ਨ ਵਿੱਚ ਪਿੰਡਾਂ ਦੇ ਕ੍ਰਿਕਟ ਖਿਡਾਰੀ ਆਪਣੇ ਪਿੰਡ ਦੀ ਨੁਮਾਇੰਦਗੀ ਕਰ ਸਕਣਗੇ। 14 ਸਾਲ ਤੋਂ ਲੈ ਕੇ 50 ਸਾਲ ਤੱਕ ਦੇ ਖਿਡਾਰੀ, ਭਾਵੇਂ ਉਹ ਪੁਰਸ਼ ਹੋਣ ਜਾਂ ਮਹਿਲਾਵਾਂ, ਕ੍ਰਿਕਟ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਆਪਣੀ ਰੁਚੀ ਰੱਖਣ ਵਾਲੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here