ਪੰਜਾਬ ਮੋਹਾਲੀ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ/ ਮੁੱਖ ਮੰਤਰੀ ਮਾਨ ਨੇ ਕੀਤਾ ਸੰਬੋਧਨ/ ਸ਼ਾਨਦਾਰ ਸੇਵਾਵਾਂ ਵਾਲੇ ਅਧਿਆਪਕਾਂ ਨੂੰ ਕੀਤਾ ਸਨਮਾਨਤ By admin - September 5, 2026 0 3 Facebook Twitter Pinterest WhatsApp ਮੋਹਾਲੀ ਵਿਖੇ ਅੱਜ ਅਧਿਆਪਕ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੈਕਟਰ-62 ਸਥਿਤ ਵਿਕਾਸ ਭਵਨ ਵਿਖੇ ਕਰਵਾਏ ਸਮਗਮ ਵਿਚ ਪਹੁੰਚੇ ਮੁੱਖ ਮੰਤਰੀ ਮਾਨ ਵੱਲੋਂ ਅਧਿਆਪਕ ਦਿਵਸ ਮੌਕੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 50 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਵੀ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਕਿਹ ਕਿ ਸਿੱਖਿਆ ਖੇਤਰ ਨੂੰ ਬੁਲੰਦੀਆਂ ‘ਤੇ ਲਿਜਾਣਾ ਸਾਡੀ ਮੁੱਖ ਤਰਜੀਹ ਹੈ। ਅਧਿਆਪਕਾਂ ਨੂੰ ਅੰਤਰਰਾਸ਼ਟਰੀ ਟ੍ਰੇਨਿੰਗ, 118 ‘ਸਕੂਲਜ਼ ਆਫ਼ ਐਮੀਨੈਂਸ’ ਦੀ ਉਸਾਰੀ ਅਤੇ 16,348 ਸਕੂਲਾਂ ‘ਚ ਵਾਈ ਫਾਈ ਦੀ ਸਹੂਲਤ ਇਸੇ ਦਿਸ਼ਾ ਵਿਚ ਚੁੱਕੇ ਗਏ ਅਹਿਮ ਕਦਮ ਹਨ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਦੇ ਸਾਹਮਣੇ ਪੰਜਾਬ ਦਾ ਭਵਿੱਖ ਸੰਵਾਰਨ ਵਾਲੇ ਮਿਹਨਤੀ ਅਤੇ ਹੋਣਹਾਰ ਗੁਰੂ ਬੈਠੇ ਹਨ। ਗੁਰੂ ਅਤੇ ਚੇਲੇ ਦਾ ਨਾਤਾ ਦੁਨੀਆ ਦਾ ਸਭ ਤੋਂ ਪਵਿੱਤਰ ਅਤੇ ਅਨਮੋਲ ਰਿਸ਼ਤਾ ਮੰਨਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, “ਮੈਂ ਖ਼ੁਦ ਇੱਕ ਅਧਿਆਪਕ ਦਾ ਪੁੱਤਰ ਹਾਂ, ਇਸ ਲਈ ਮੈਂ ਬਾਖ਼ੂਬੀ ਜਾਣਦਾ ਹਾਂ ਕਿ ਇੱਕ ਅਧਿਆਪਕ ਦੇ ਜੀਵਨ ਵਿੱਚ ਕੀ-ਕੀ ਮੁਸ਼ਕਿਲਾਂ, ਦੁੱਖ-ਤਕਲੀਫ਼ਾਂ ਅਤੇ ਚੁਣੌਤੀਆਂ ਆਉਂਦੀਆਂ ਹਨ। ਮੈਂ ਇਹ ਸਾਰਾ ਮਾਹੌਲ ਆਪਣੇ ਘਰ ਵਿੱਚ ਬਚਪਨ ਤੋਂ ਬਹੁਤ ਨੇੜਿਓਂ ਦੇਖਿਆ ਹੈ। ਪੁਰਾਣੇ ਸਕੂਲੀ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਅੰਦਰ ਹਰ ਇੱਕ ਕੰਮ ਦਾ ਭਾਰ ਹੈੱਡਮਾਸਟਰ ਦੇ ਸਿਰ ‘ਤੇ ਹੀ ਪਾ ਦਿੱਤਾ ਜਾਂਦਾ ਸੀ। ਜੇਕਰ ਕੁਰਸੀ ਟੁੱਟ ਜਾਵੇ ਤਾਂ ਹੈੱਡਮਾਸਟਰ ਜ਼ਿੰਮੇਵਾਰ, ਬਾਥਰੂਮ ਦੀ ਹਾਲਤ ਖ਼ਰਾਬ ਹੋਵੇ ਤਾਂ ਹੈੱਡਮਾਸਟਰ ਜਵਾਬਦੇਹ, ਹਾਜ਼ਰੀ ਰਜਿਸਟਰ ਚੁੱਕ ਕੇ ਹਾਈ ਸਕੂਲ ਲੈ ਕੇ ਜਾਣਾ ਅਤੇ ਦਿਖਾਉਣਾ, ਕਿਸੇ ਕਰਮਚਾਰੀ ਦੀ ਛੁੱਟੀ ਮਨਜ਼ੂਰ ਕਰਨੀ ਹੋਵੇ ਜਾਂ ਬੱਚਿਆਂ ਦੀ ਫ਼ੀਸ ਮੁਆਫ਼ੀ ਦੀਆਂ ਅਰਜ਼ੀਆਂ ਨਿਪਟਾਉਣੀਆਂ ਹੋਣ—ਇਹ ਸਾਰਾ ਗ਼ੈਰ-ਵਿੱਦਿਅਕ ਕੰਮਕਾਜ ਹੈੱਡਮਾਸਟਰਾਂ ਨੂੰ ਹੀ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਵਿਚ ਕੀਤੇ ਕੰਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ 27ਵੇਂ ਨੰਬਰ ‘ਤੇ ਸੀ। ਸਾਲ 2022 ਵਿੱਚ ਸਾਡੀ ਸਰਕਾਰ ਹੋਂਦ ਵਿੱਚ ਆਈ ਅਤੇ ਪਿਛਲੇ ਚਾਰ ਸਾਲਾਂ ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦਾ ਪੂਰੀ ਤਰ੍ਹਾਂ ਕਾਇਆ-ਕਲਪ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਹਰ ਸਰਕਾਰੀ ਸਕੂਲ ਦਾ ਬੱਚਾ ਫ਼ਰਸ਼ ਦੀ ਥਾਂ ਸੁੰਦਰ ਬੈਂਚਾਂ ‘ਤੇ ਬੈਠ ਕੇ ਪੜ੍ਹਾਈ ਕਰ ਰਿਹਾ ਹੈ। ਸਕੂਲਾਂ ਦੇ ਬਾਥਰੂਮ, ਚਾਰਦੀਵਾਰੀਆਂ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਕਲੈਰੀਕਲ ਸਟਾਫ਼ ਅਤੇ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਕੀਤੀਆਂ ਗਈਆਂ ਹਨ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਲਈ ਭੇਜਿਆ ਗਿਆ ਹੈ, ਜਿਸ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਹਨ।