ਪੰਜਾਬ ਪਟਿਆਲਾ ਦੀ ਭਾਖੜਾ ਨਹਿਰ ’ਚ ਨੌਜਵਾਨ ਨੇ ਮਾਰੀ ਛਾਲ/ ਸਕੂਲੋਂ ਬੰਕ ਮਾਰ ਭਾਖੜਾ ਨਹਿਰ ਪਹੁੰਚੇ ਸੀ ਤਿੰਨ ਨੌਜਵਾਨ/ ਪੁਲਿਸ ਨੇ ਸਾਥੀਆਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - September 4, 2026 0 2 Facebook Twitter Pinterest WhatsApp ਪਟਿਆਲਾ ਦੇ ਪਿੰਡ ਕਕਰਾਲਾ ਨੇੜੇ ਭਾਖੜਾ ਨਹਿਰ ਵਿੱਚ ਇੱਕ ਨੌਜਵਾਨ ਦੇ ਵਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਸਕੂਲ ਤੋਂ ਬੰਕ ਮਾਰ ਕੇ ਭਾਖੜਾ ਨਹਿਰ ਦੇ ਕੰਢੇ ਪਹੁੰਚੇ ਸਨ, ਜਿੱਥੇ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਪੁਲਿਸ ਨੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਉਸਦੇ ਨਾਲ ਮੌਜੂਦ ਦੋ ਸਾਥੀਆਂ ਨੇ ਵੀ ਨੌਜਵਾਨ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰੀ ਪਰ ਨਹਿਰ ਦੇ ਤੇਜ਼ ਵਹਾਅ ਕਾਰਨ ਉਹ ਉਸ ਤੱਕ ਨਹੀਂ ਪਹੁੰਚ ਸਕੇ। ਦੋਵੇਂ ਨੌਜਵਾਨ ਕਿਸੇ ਤਰ੍ਹਾਂ ਨਹਿਰ ਦੇ ਕਿਨਾਰੇ ਲੱਗੀਆਂ ਟਾਹਣੀਆਂ ਆਦਿ ਨੂੰ ਫੜ ਕੇ ਸੁਰੱਖਿਅਤ ਬਾਹਰ ਨਿਕਲ ਆਏ, ਜਦਕਿ ਤੀਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 10 ਤੋਂ 10:30 ਵਜੇ ਦੇ ਵਿਚਕਾਰ ਫੋਨ ਰਾਹੀਂ ਘਟਨਾ ਦੀ ਜਾਣਕਾਰੀ ਮਿਲੀ। ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮਾਂ ਵੱਲੋਂ ਲਾਪਤਾ ਨੌਜਵਾਨ ਦੀ ਭਾਲ ਲਈ ਕਾਰਵਾਈ ਸ਼ੁਰੂ ਕੀਤੀ ਗਈ। ਤਿੰਨਾਂ ਨੌਜਵਾਨਾਂ ਦੀ ਉਮਰ ਕਰੀਬ 17 ਤੋਂ 19 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਦੋਵੇਂ ਨੌਜਵਾਨਾਂ ਤੋਂ ਪੁਲਿਸ ਵੱਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਵੀ ਮੌਕੇ ’ਤੇ ਪਹੁੰਚ ਗਏ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਟਿਆਲਾ, ਸਮਾਣਾ, ਪਾਤੜਾਂ ਅਤੇ ਖਨੌਰੀ ਸਮੇਤ ਹੋਰ ਇਲਾਕਿਆਂ ਦੀਆਂ ਬਚਾਅ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਫਿਲਹਾਲ ਨਹਿਰ ਵਿੱਚ ਲਾਪਤਾ ਨੌਜਵਾਨ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ