ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਜਨਮ ਅਸ਼ਟਮੀ ਦੀ ਧੂਮ/ ਧੂਮਧਾਮ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਉਤਸਵ/ ਤੜਕੇ ਤੋਂ ਹੀ ਉਮੜੀ ਸ਼ਰਧਾਲੂਆਂ ਦੀ ਭੀੜ

0
1

ਵਿਸ਼ਵ ਭਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਤੜਕੇ ਤੋਂ ਹੀ ਮੰਦਰ ਵਿੱਚ ਸ਼ਰਧਾਲੂਆਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਅਤੇ ਦਿਨ ਚੜ੍ਹਨ ਦੇ ਨਾਲ ਮੰਦਰ ਕੰਪਲੈਕਸ ਵਿੱਚ ਭਗਤਾਂ ਦੀ ਗਿਣਤੀ ਵਧਦੀ ਗਈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨਾਂ ਅਤੇ ਪੂਜਾ-ਅਰਚਨਾ ਲਈ ਦੂਰ-ਦੁਰਾਂਡੇ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ।
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਦੁਰਗਿਆਣਾ ਮੰਦਰ ਨੂੰ ਫੁੱਲਾਂ ਅਤੇ ਆਕਰਸ਼ਕ ਰੰਗ-ਬਿਰੰਗੀਆਂ ਲਾਈਟਾਂ ਨਾਲ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਮੰਦਰ ਕੰਪਲੈਕਸ ਵਿੱਚ ਵਿਸ਼ੇਸ਼ ਸਫ਼ਾਈ ਕੀਤੀ ਗਈ ਹੈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਨਾਲ ਸਬੰਧਤ ਧਾਰਮਿਕ ਰਸਮਾਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਦੇ ਨਜ਼ਰ ਆਏ।
ਦੁਰਗਿਆਣਾ ਮੰਦਰ ਦੇ ਪੁਜਾਰੀ ਪੰਡਿਤ ਮੇਘਾ ਸ਼ਾਮ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਮਾਨਤਾ ਅਨੁਸਾਰ ਭਗਵਾਨ ਸ੍ਰੀ ਕ੍ਰਿਸ਼ਨ ਨੇ ਦੁਆਪਰ ਯੁੱਗ ਵਿੱਚ ਇਸੇ ਦਿਨ ਅੱਧੀ ਰਾਤ ਨੂੰ ਅਵਤਾਰ ਧਾਰਿਆ ਸੀ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਨੂੰ ਹਰ ਸਾਲ ਸ਼ਰਧਾਲੂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਜਨਮ ਅਸ਼ਟਮੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਮੰਦਰ ਨੂੰ ਸਜਾਉਣ ਦੇ ਨਾਲ-ਨਾਲ ਭਗਵਾਨ ਦੀ ਪੂਜਾ ਅਤੇ ਜਨਮ ਉਤਸਵ ਨਾਲ ਸਬੰਧਤ ਸਾਰੇ ਧਾਰਮਿਕ ਪ੍ਰੋਗਰਾਮਾਂ ਦੀ ਤਿਆਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਸਮੇਂ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਭਗਵਾਨ ਦਾ ਪੰਚਾਮ੍ਰਿਤ, ਦੁੱਧ, ਦਹੀਂ, ਸ਼ਹਿਦ, ਸ਼ੱਕਰ ਅਤੇ ਗੰਗਾਜਲ ਆਦਿ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਭਗਵਾਨ ਨੂੰ ਨਵੇਂ ਵਸਤਰ ਪਹਿਨਾ ਕੇ ਮੱਖਣ-ਮਿਸ਼ਰੀ ਸਮੇਤ ਵੱਖ-ਵੱਖ ਤਰ੍ਹਾਂ ਦੇ ਭੋਗ ਲਗਾਏ ਜਾਂਦੇ ਹਨ। ਅੱਧੀ ਰਾਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਸਮੇਂ ਵਿਸ਼ੇਸ਼ ਆਰਤੀ ਅਤੇ ਪੂਜਾ ਦਾ ਆਯੋਜਨ ਕੀਤਾ ਜਾਵੇਗਾ। ਮੰਦਰ ਦੇ ਪੁਜਾਰੀ ਰਾਧੇ ਸ਼ਿਆਮ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਕ੍ਰਿਸ਼ਨ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਤ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਤੋਂ ਬਾਅਦ ਵਿਸ਼ੇਸ਼ ਧਾਰਮਿਕ ਰਸਮਾਂ ਅਤੇ ਅਭਿਸ਼ੇਕ ਕੀਤਾ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਅੱਤਿਆਚਾਰ ਦੇ ਪ੍ਰਤੀਕ ਕੰਸ ਦਾ ਅੰਤ ਕਰਕੇ ਧਰਮ ਦੀ ਸਥਾਪਨਾ ਦਾ ਸੰਦੇਸ਼ ਦਿੱਤਾ ਸੀ। ਜਨਮ ਅਸ਼ਟਮੀ ਦਾ ਇਹ ਪਵਿੱਤਰ ਤਿਉਹਾਰ ਲੋਕਾਂ ਨੂੰ ਸੱਚ, ਧਰਮ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਦੁਰਗਿਆਣਾ ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਪੂਰਾ ਮਾਹੌਲ ‘ਜੈ ਸ੍ਰੀ ਕ੍ਰਿਸ਼ਨ’ ਦੇ ਜੈਕਾਰਿਆਂ ਨਾਲ ਭਗਤੀਮਈ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here