ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਟਲ ਮਾਲਕ ਨਾਲ ਕੁੱਟਮਾਰ/ ਆਧਾਰ ਕਾਰਡ ਮੰਗਣ ’ਤੇ ਕੀਤਾ ਹਮਲਾ/ ਹੋਟਲ ਮਾਲਕ ਨੇ ਮੰਗਿਆ ਇਨਸਾਫ, ਪੁਲਿਸ ਕਰ ਰਹੀ ਜਾਂਚ

0
8

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਇੱਕ ਹੋਟਲ ਵਿੱਚ ਉਸ ਵੇਲੇ ਵੱਡਾ ਵਿਵਾਦ ਹੋ ਗਿਆ ਜਦੋਂ ਇੱਥੇ ਗ੍ਰਾਹਕ ਬਣ ਕੇ ਆਏ ਕੁੱਝ ਨੌਜਵਾਨਾਂ ਨੇ ਹੋਟਲ ਮਾਲਕ ਤੇ ਹਮਲਾ ਕਰ ਦਿੱਤਾ। ਹੋਟਲ ਮਾਲਕ ਮੁਤਾਬਕ ਦੋ ਲੜਕੀਆਂ ਨੇ ਆਪਣੇ ਪਛਾਣ ਪੱਤਰ ਦਿਖਾ ਕੇ ਕਮਰਾ ਲਿਆ ਸੀ ਪਰ ਕੁੱਝ ਦੇਰ ਬਾਦ ਦੋ ਲੜਕੇ ਆ ਗਏ, ਜਿਨ੍ਹਾਂ ਨੇ ਕਮਰੇ ਵਿਚ ਜਾਣ ਦੀ ਇਜ਼ਾਜਤ ਮੰਗੀ, ਜਦੋਂ ਉਸ ਨੇ ਉਨ੍ਹਾਂ ਤੋਂ ਆਧਾਰ ਕਾਰਡ ਮੰਗੇ ਤਾਂ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਹੋਟਲ ਮਾਲਕ ਦੇ ਕਾਫੀ ਸੱਟਾਂ ਲੱਗੀਆਂ ਨੇ ਅਤੇ ਹੋਟਲ ਦੇ ਸ਼ੀਸ਼ਿਆਂ ਦੀ ਭੰਨਤੋੜ ਵੀ ਹੋਈ ਹੈ। ਹੋਟਲ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਰਕਿੰਗ ਦੇ ਨੇੜੇ ਸਥਿਤ ਹੋਟਲ ਕੇਸੀ ਦੀ ਦੱਸੀ ਜਾ ਰਹੀ ਹੈ। ਮਾਲਕ ਦਾ ਕਹਿਣਾ ਹੈ ਕਿ ਆਧਾਰ ਕਾਰਡ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਮਾਮਲਾ ਵਿਗੜ ਗਿਆ ਅਤੇ ਕੁਝ ਸਮੇਂ ਬਾਅਦ ਕਈ ਨੌਜਵਾਨ ਉੱਥੇ ਪਹੁੰਚ ਗਏ। ਦੋਸ਼ ਹੈ ਕਿ ਇਸ ਤੋਂ ਬਾਅਦ ਹੋਟਲ ਮਾਲਕ ਨਾਲ ਕੁੱਟਮਾਰ ਕੀਤੀ ਗਈ। ਹਮਲੇ ਦੌਰਾਨ ਉਸ ਦੇ ਸਿਰ ’ਤੇ ਕੜੇ ਅਤੇ ਕਿਸੇ ਤੇਜ਼ਧਾਰ ਚੀਜ਼ ਨਾਲ ਸੱਟ ਲੱਗਣ ਦੀ ਗੱਲ ਸਾਹਮਣੇ ਆਈ ਹੈ। ਸਿਰ ’ਤੇ ਸੱਟਾਂ ਕਾਰਨ ਖੂਨ ਵੀ ਵਗਿਆ।
ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜ਼ਖ਼ਮੀ ਹੋਟਲ ਮਾਲਕ ਨੂੰ ਮੈਡੀਕਲ ਜਾਂਚ ਅਤੇ ਇਲਾਜ ਲਈ ਭੇਜਿਆ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਘਟਨਾ ਨਾਲ ਜੁੜੇ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨੇੜੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਅਤੇ ਹੋਟਲਾਂ ਵਿੱਚ ਆਉਣ ਵਾਲੇ ਗਾਹਕਾਂ ਦੀ ਪਛਾਣ ਸਬੰਧੀ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਪੂਰਾ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਅਤੇ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸੀ।

LEAVE A REPLY

Please enter your comment!
Please enter your name here