ਸਮਰਾਲਾ ਪਹੁੰਚੇ ਰਾਜਾ ਵੜਿੰਗ ਨੇ ਘੇਰੀ ਸਰਕਾਰ/ ਪੰਜਾਬ ਨੂੰ ਕਰਜ਼ੇ ਹੇਠਾਂ ਦੱਬਣ ਦੇ ਲਾਏ ਇਲਜ਼ਾਮ/ ਮੁਲਾਜ਼ਮਾਂ ਖਿਲਾਫ ਵਤੀਰੇ ਨੂੰ ਲੈ ਕੇ ਚੁੱਕੇ ਸਵਾਲ

0
2

ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਮਰਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਿਵਾਸ ਸਥਾਨ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਯੂਥ ਕਾਂਗਰਸ ਦੇ ਨਵ-ਨਿਯੁਕਤ ਵਾਈਸ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਅਮਰੀਕ ਸਿੰਘ ਢਿੱਲੋਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੀ ਮਜ਼ਬੂਤੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਕੰਗਾਲੀ ਵੱਲ ਧੱਕ ਦਿੱਤਾ ਹੈ, ਜਿਸ ਕਾਰਨ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁੱਖੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਨਸ਼ਾ, ਬੇਰੋਜ਼ਗਾਰੀ ਅਤੇ ਕਰਜ਼ਾ ਚਰਮ ਸੀਮਾ ’ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕਰਜ਼ੇ ਦੇ ਵਿਆਜ ਵਜੋਂ ਰੋਜ਼ਾਨਾ ਕਰੀਬ 80 ਕਰੋੜ ਰੁਪਏ ਅਦਾ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ 2027 ਦੀਆਂ ਚੋਣਾਂ ਲਈ ਲੋਕਾਂ ਦੀ ਰਾਏ ਨਾਲ ਆਪਣਾ ਵਿਜ਼ਨ ਡਾਕੂਮੈਂਟ ਤਿਆਰ ਕਰੇਗੀ। ਡਾ. ਅਮਰ ਸਿੰਘ ਦੀ ਅਗਵਾਈ ਹੇਠ ਬਣਾਈ ਮੈਨੀਫੈਸਟੋ ਕਮੇਟੀ ਪੰਜਾਬ ਭਰ ਵਿੱਚ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਇਕੱਠੇ ਕਰੇਗੀ। ਕਿਸਾਨਾਂ, ਗਰੀਬਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੀਆਂ ਮੰਗਾਂ ਨੂੰ ਇਸ ਵਿੱਚ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਵਾਦ ’ਤੇ ਕਾਬੂ ਪਾਉਣ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਠੋਸ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ। ਵੜਿੰਗ ਨੇ ਯੂਥ ਕਾਂਗਰਸ ਨੂੰ ਪਾਰਟੀ ਦਾ ਭਵਿੱਖ ਦੱਸਦਿਆਂ ਕਿਹਾ ਕਿ ਨੌਜਵਾਨਾਂ ਵਿੱਚੋਂ ਹੀ ਭਵਿੱਖ ਦੇ ਵਿਧਾਇਕ ਅਤੇ ਸੰਸਦ ਮੈਂਬਰ ਤਿਆਰ ਹੋਣਗੇ। ਮਹਿੰਗਾਈ ਦੇ ਮੁੱਦੇ ’ਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਖੰਡ, ਪੈਟਰੋਲ, ਗੈਸ ਸਿਲੰਡਰ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖੇਗੀ ਅਤੇ 2027 ਦੀਆਂ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੋਵੇਗੀ।
ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਕਰਨਵੀਰ ਸਿੰਘ ਢਿੱਲੋ ਨੇ ਸਮਰਾਲਾ ਤੋਂ ਚੋਣਾਂ ਲੜਨ ਦੀ ਦਾਅਵੇਦਾਰੀ ਠੋਕਦਿਆਂ ਕਿਹਾ ਕਿ ਪੁਰਾਣੇ ਆਗੂਆਂ ਦਾ ਸਤਿਕਾਰ ਤੇ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਕਾਂਗਰਸ ਦੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਨਵੀਂ ਲੀਡਰਸ਼ਿਪ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਉਨਾਂ ਨੂੰ ਸਮਰਾਲਾ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਵਧਾਉਣ ਸਬੰਧੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਢਿੱਲੋ ਪਰਿਵਾਰ ਦੀ ਕਾਂਗਰਸ ਨੂੰ ਬਹੁਤ ਵੱਡੀ ਦੇਣ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਪੁਰਾਣੇ ਆਗੂਆਂ ਦੇ ਤਜਰਬੇ ਅਤੇ ਸਤਿਕਾਰ ਨੂੰ ਕਾਇਮ ਰੱਖਦਿਆਂ ਨੌਜਵਾਨ ਆਗੂਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਵਿੱਚ ਨਵੀਂ ਰਾਜਨੀਤਿਕ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਸਮਰਾਲਾ ਹਲਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਮਰਾਲਾ ਦੀਆਂ ਰਾਜਨੀਤਿਕ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਚਾਹੇ ਕੋਈ ਛੋਟੀ ਚੋਣ ਹੋਵੇ ਜਾਂ ਵੱਡੀ ਚੋਣ, ਉਹ ਹਮੇਸ਼ਾ ਸਮਰਾਲਾ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਈ ਵਾਰ ਲੋਕਾਂ ਨੂੰ ਉਨ੍ਹਾਂ ਦੀ ਮੌਜੂਦਗੀ ਨਜ਼ਰ ਨਹੀਂ ਆਉਂਦੀ ਸੀ, ਪਰ ਉਹ ਲਗਾਤਾਰ ਪਾਰਟੀ ਲਈ ਕੰਮ ਕਰਦੇ ਰਹੇ ਹਨ।

LEAVE A REPLY

Please enter your comment!
Please enter your name here