
ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ-43 ਬੱਸ ਅੱਡਾ ਨੇੜਿਓਂ ਸ਼ੱਕੀ ਆਈਈਡੀ ਤੇ ਹਥਿਆਰ ਬਰਾਮਦ ਕਰਨ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਪੁਲਿਸ ਨੇ ਮਾਮਲੇ ਵਿੱਚ 3 ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਹੋਰ ਏਜੰਸੀਆਂ ਅਲਰਟ ਮੋਡ ‘ਤੇ ਹੋ ਗਈਆਂ ਹਨ। ਪੁਲਿਸ ਨੇ ਘਟਨਾ ਸਥਾਨ ਨੂੰ ਚਾਰੇ ਪਾਸਿਓਂ ਘੇਰ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਇਹ ਸਮੱਗਰੀ ਬੱਸ ਅੱਡੇ ਦੇ ਪਿੱਛੇ ਇੱਕ ਖੇਤਰ ਵਿੱਚ ਇੱਕ ਟਿਫਿਨ ਬਾਕਸ ਵਿੱਚ ਛੁਪਾ ਕੇ ਰੱਖੀ ਹੋਈ ਸੀ। ਪੁਲਿਸ ਨੇ ਪੰਜਾਬ ਨਾਲ ਸਬੰਧਤ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਵਿਸਫੋਟਕ ਸਮੱਗਰੀ ਅਤੇ ਹਥਿਆਰ ਦੇ ਉਦੇਸ਼, ਨੈੱਟਵਰਕ ਅਤੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਬਰਾਮਦ ਹੋਈ ਸਮੱਗਰੀ ਵਿਚ ਪੰਜ ਕਿਲੋਗ੍ਰਾਮ ਜੈਲੇਟਿਨ ਸਟਿਕਸ, ਡੈਟੋਨੇਟਰ, ਤਾਰਾਂ, ਰਿਮੋਟਲੀ ਕੰਟਰੋਲਡ ਇਲੈਕਟ੍ਰਾਨਿਕ ਡਿਵਾਈਸ, ਇੱਕ ਪਿਸਤੌਲ ਅਤੇ ਪੰਜ ਕਾਰਤੂਸ ਸ਼ਾਮਲ ਹਨ। ਹਿਰਾਸਤ ‘ਚ ਲਏ ਗਏ ਵਿਅਕਤੀਆਂ ਦੀ ਪਛਾਣ 29 ਸਾਲਾ ਲਵਪ੍ਰੀਤ ਸਿੰਘ, 21 ਸਾਲਾ ਜਸਪ੍ਰੀਤ ਸਿੰਘ ਉਰਫ਼ ਜਸਨਦੀਪ ਦੋਵੇ ਵਾਸੀ ਤਰਨਤਾਰਨ ਅਤੇ 19 ਸਾਲਾ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਵਾਸੀ ਤਰਸਿੱਕਾ ਅੰਮ੍ਰਿਤਸਰ ਵਜੋਂ ਹੋਈ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ।

