ਪੰਜਾਬ ਅੰਮ੍ਰਿਤਸਰ ‘ਚ ਚੰਨੀ ਵਿਰੋਧੀ ਪੋਸਟਰਾਂ ਚ ਨਵਾਂ ਮੋੜ/ ਨੇਹਾ ਸ਼ਰਮਾ ਨਾਮ ਦੇ ਮਹਿਲਾ ਨੇ ਹਟਾਏ ਪੋਸਟਰ/ ਗਲਤ ਅਨਸਰਾਂ ਵੱਲੋਂ ਉਸ ਦਾ ਨੰਬਰ ਛਾਪਣ ਦੇ ਇਲਜ਼ਾਮ By admin - August 5, 2026 0 3 Facebook Twitter Pinterest WhatsApp ਅੰਮ੍ਰਿਤਸਰ ਸ਼ਹਿਰ ਵਿੱਚ ਸਾਂਸਦ ਚਰਨਜੀਤ ਸਿੰਘ ਚੰਨੀ ਵਿਰੁੱਧ ਲੱਗੇ ਪੋਸਟਰਾਂ ਨੂੰ ਲੈ ਕੇ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਇੱਕ ਮਹਿਲਾ ਨੇ ਮੌਕੇ ‘ਤੇ ਪਹੁੰਚ ਕੇ ਉਹ ਪੋਸਟਰ ਹਟਾ ਦਿੱਤੇ। ਮਹਿਲਾ ਦਾ ਇਲਜਾਮ ਕਿ ਪੋਸਟਰ ਉਤੇ ਉਸ ਦਾ ਨਿੱਜੀ ਮੋਬਾਈਲ ਨੰਬਰ ਛਾਪ ਦਿੱਤਾ ਗਿਆ, ਜਿਸ ਕਾਰਨ ਉਸ ਨੂੰ ਲਗਾਤਾਰ ਅਣਜਾਣ ਲੋਕਾਂ ਅਤੇ ਮੀਡੀਆ ਵੱਲੋਂ ਫੋਨ ਆ ਰਹੇ ਹਨ। ਇਸ ਘਟਨਾ ਕਾਰਨ ਉਹ ਅਤੇ ਉਸ ਦਾ ਪਰਿਵਾਰ ਕਾਫ਼ੀ ਮਾਨਸਿਕ ਤਣਾਅ ਵਿੱਚ ਹਨ। ਉਸ ਨੇ ਕਿਹਾ ਕਿ ਉਹ ਇਕ ਘਰੇਲੂ ਔਰਤ ਹੈ ਅਤੇ ਉਸ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਉਸ ਨੇ ਜਲਦ ਹੀ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ ਹੈ। ਨੇਹਾ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਟਾਲਾ ਰੋਡ, ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਇੱਕ ਬੁਟੀਕ ਚਲਾਉਂਦੀ ਹੈ। ਉਹ ਵਿਆਹਸ਼ੁਦਾ ਹੈ ਅਤੇ ਇੱਕ ਆਮ ਘਰੇਲੂ ਮਹਿਲਾ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਨੇਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਸ ਦਾ ਇਸ ਪੋਸਟਰਬਾਜ਼ੀ ਨਾਲ ਕੋਈ ਸੰਬੰਧ ਹੈ। ਉਸ ਨੇ ਦੱਸਿਆ ਕਿ ਜਦੋਂ ਤੋਂ ਪੋਸਟਰਾਂ ‘ਤੇ ਉਸ ਦਾ ਨੰਬਰ ਛਪਿਆ ਹੈ, ਉਦੋਂ ਤੋਂ ਲਗਾਤਾਰ ਫੋਨ ਕਾਲਾਂ ਆ ਰਹੀਆਂ ਹਨ। ਕਈ ਲੋਕ ਉਸ ਨਾਲ ਵੱਖ-ਵੱਖ ਸਵਾਲ ਕਰ ਰਹੇ ਹਨ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਵੀ ਚਿੰਤਤ ਹਨ। ਨੇਹਾ ਸ਼ਰਮਾ ਨੇ ਕਿਹਾ ਕਿ ਜਦੋਂ ਮੀਡੀਆ ਰਾਹੀਂ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਖੁਦ ਕੰਪਨੀ ਬਾਗ ਪਹੁੰਚੀ। ਉੱਥੇ ਜਾ ਕੇ ਉਸ ਨੇ ਦੇਖਿਆ ਕਿ ਪੋਸਟਰਾਂ ‘ਤੇ ਉਸ ਦਾ ਹੀ ਮੋਬਾਈਲ ਨੰਬਰ ਦਰਜ ਸੀ। ਇਹ ਦੇਖ ਕੇ ਉਹ ਹੈਰਾਨ ਅਤੇ ਦੁਖੀ ਹੋ ਗਈ। ਨੇਹਾ ਸ਼ਰਮਾ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਉਸ ਦਾ ਨੰਬਰ ਪੋਸਟਰਾਂ ‘ਤੇ ਛਪਵਾਇਆ ਹੈ ਜਾਂ ਇਹ ਕਿਸੇ ਦੀ ਲਾਪਰਵਾਹੀ ਹੈ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ। ਪਰ ਇਸ ਘਟਨਾ ਕਾਰਨ ਉਸ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਬਿਨਾਂ ਕਿਸੇ ਕਸੂਰ ਦੇ ਉਸ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦੇਵੇਗੀ ਤਾਂ ਜੋ ਇਸ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਨੇਹਾ ਸ਼ਰਮਾ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਦਾ ਨਿੱਜੀ ਮੋਬਾਈਲ ਨੰਬਰ ਬਿਨਾਂ ਇਜਾਜ਼ਤ ਜਨਤਕ ਨਾ ਕੀਤਾ ਜਾਵੇ, ਕਿਉਂਕਿ ਇਸ ਨਾਲ ਬੇਕਸੂਰ ਲੋਕਾਂ ਨੂੰ ਬਿਨਾਂ ਵਜ੍ਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।