ਮੋਗਾ-ਕੋਟਕਪੂਰਾ ਬਾਈਪਾਸ ‘ਤੇ ਦਰਦਨਾਕ ਹਾਦਸਾ/ ਬੋਲੇਰੋ ਕੈਂਪਰ ਦੀ ਟੱਕਰ ਨਾਲ 27 ਸਾਲਾ ਨੌਜਵਾਨ ਦੀ ਮੌਤ/ ਹਾਦਸੇ ਮਗਰੋਂ ਚਾਲਕ ਫ਼ਰਾਰ, ਪੁਲਿਸ ਕਰ ਰਹੀ ਭਾਲ

0
2

ਕੋਟਕਪੂਰਾ ਬਾਈਪਾਸ ‘ਤੇ ਬੀਤੀ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਰਾਧਾ ਸੁਆਮੀ ਡੇਰੇ ਨੇੜੇ ਉਸ ਵੇਲੇ ਵਾਪਰਿਆ, ਜਦੋਂ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ 27 ਸਾਲਾ ਵਿੱਕੀ ਸਿੰਘ ਪੁੱਤਰ ਮੀਤਾ ਸਿੰਘ, ਵਾਸੀ ਪਿੰਡ ਸਿੰਘਾਂਵਾਲਾ ਵਜੋਂ ਹੋਈ ਹੈ। ਉਹ ਪੇਸ਼ੇ ਤੋਂ ਪੇਂਟਰ ਸੀ। ਘਟਨਾ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੇ ਫਰਾਰ ਹੋ ਗਿਆ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਵਿੱਕੀ ਸਿੰਘ ਬੀਤੀ ਰਾਤ ਮੋਗਾ ਦੇ ਹਸਪਤਾਲ ਵਿੱਚ ਆਪਣੇ ਪਰਿਵਾਰਕ ਮੈਂਬਰ ਲਈ ਰੋਟੀ ਦੇਣ ਆਇਆ ਸੀ। ਵਾਪਸੀ ਦੌਰਾਨ ਜਦੋਂ ਉਹ ਰਾਧਾ ਸੁਆਮੀ ਡੇਰੇ ਨੇੜੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਐੱਸ.ਐੱਸ.ਐੱਫ. ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਾਦਸੇ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਸਿੰਘ ਦੇ ਪਿਤਾ ਦੀ ਵੀ ਕਰੀਬ 10 ਦਿਨ ਪਹਿਲਾਂ ਮੌਤ ਹੋਈ ਸੀ। ਵਿੱਕੀ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਉਸ ਦੇ ਪਹਿਲਾਂ ਇੱਕ ਪੁੱਤਰ ਅਤੇ ਇੱਕ ਧੀ ਹਨ, ਜਦਕਿ ਦੋ ਦਿਨ ਪਹਿਲਾਂ ਹੀ ਉਸ ਦੇ ਘਰ ਇੱਕ ਹੋਰ ਧੀ ਨੇ ਜਨਮ ਲਿਆ ਸੀ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਸਿੰਘਾਵਾਲਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਪੁੱਤਰ ਨਛੱਤਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਤੀਜਾ ਵਿਕੀ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਮੋਟਰਸਾਈਕਲ ‘ਤੇ ਮੋਗਾ ਤੋਂ ਆਪਣੇ ਪਿੰਡ ਸਿੰਘਾਵਾਲਾ ਵਾਪਸ ਜਾ ਰਿਹਾ ਸੀ।
ਇਸ ਦੌਰਾਨ ਕੋਟਕਪੂਰਾ ਰੋਡ ‘ਤੇ ਇੱਕ ਬੋਲੇਰੋ ਕੈਂਪਰ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਜ਼ਖ਼ਮੀ ਵਿਕੀ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਬੋਲੇਰੋ ਕੈਂਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਮੋਗਾ ਵਿੱਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ।

LEAVE A REPLY

Please enter your comment!
Please enter your name here