ਫਰੀਦਕੋਟ ਪੁਲਿਸ ਦੀ ਕਾਰਵਾਈ ਤੋਂ ਕਿਸਾਨ ਨਰਾਜ਼/ ਮੋਘੇ ਤੋੜਣ ਦੇ ਇਲਜ਼ਾਮ ਹੇਠ 43 ਖਿਲਾਫ਼ ਕੇਸ ਦਰਜ/ ਕੌਮੀ ਕਿਸਾਨ ਯੂਨੀਅਨ ਨੇ ਕਾਰਵਾਈ ’ਤੇ ਚੁੱਕੇ ਸਵਾਲ

0
2

ਫਰੀਦਕੋਟ ਪੁਲਿਸ ਵੱਲੋਂ ਮੋਘਾ ਤੋੜਣ ਮਾਮਲੇ ਵਿਚ ਕਿਸਾਨਾਂ ਖਿਲਾਫ ਦਰਜ ਕੇਸ ਦਾ ਮੁੱਦਾ ਗਰਮਾ ਗਿਆ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਮੁੱਦਕੀ ਡਿਸਟਰੀ ਦੇ ਮੋਘੇ ਤੋੜਣ ਦੇ ਇਲਜ਼ਾਮ ਤਹਿਤ ਪਿੰਡ ਸੁੱਖਣਵਾਲਾ ਤੇ ਕਿਲ੍ਹਾ ਨੌਂ ਦੇ 43 ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ ਜੋ ਸਰਾਸਰ ਗਲਤ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਐਫਆਈਆਰ ਵਿਚ ਅਜਿਹੇ ਵਿਅਕਤੀਆਂ ਦੇ ਨਾਮ ਵੀ ਦਰਜ ਹਨ, ਜਿਨ੍ਹਾਂ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਯੂਨੀਅਨ ਨੇ ਇਸ ਲਾਹਪ੍ਰਵਾਹੀ ਦੀ ਨਿਰਪੱਖ ਜਾਂਚ ਮੰਗੀ ਹੈ।
ਜਾਣਕਾਰੀ ਅਨੁਸਾਰ ਜਲ ਸਰੋਤ ਵਿਭਾਗ ਦੇ ਐਕਸੀਅਨ ਦੀ ਸ਼ਿਕਾਇਤ ‘ਤੇ ਥਾਣਾ ਸਦਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦਾ ਦੋਸ਼ ਹੈ ਕਿ ਮੁੱਦਕੀ ਡਿਸਟਰੀ ਦੇ ਮੋਘੇ ਤੋੜ ਕੇ ਮਨਜ਼ੂਰਸ਼ੁਦਾ ਹਿੱਸੇ ਤੋਂ ਵੱਧ ਪਾਣੀ ਖੇਤਾਂ ਵੱਲ ਮੋੜਿਆ ਗਿਆ, ਜਿਸ ਨਾਲ ਨਹਿਰੀ ਪ੍ਰਬੰਧ ਪ੍ਰਭਾਵਿਤ ਹੋਇਆ। ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਿਲ੍ਹਾ ਨੌ ਨੇ ਕਿਹਾ ਕਿ ਨਹਿਰੀ ਵਿਭਾਗ ਨੇ ਬਿਨਾਂ ਕਿਸੇ ਪੜਤਾਲ ਅਤੇ ਤੱਥਾਂ ਦੀ ਜਾਂਚ ਕੀਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ।
ਉਨ੍ਹਾਂ ਦੋਸ਼ ਲਗਾਇਆ ਕਿ ਐਫ਼ਆਈਆਰ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਵੀ ਸ਼ਾਮਲ ਹਨ, ਜੋ ਕਰੀਬ ਇੱਕ ਦਹਾਕਾ ਪਹਿਲਾਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪੂਰੀ ਕਾਰਵਾਈ ਵਿਭਾਗ ਦੀ ਲਾਪਰਵਾਹੀ ਨੂੰ ਦਰਸਾਉਂਦੀ ਹੈ, ਇਸ ਲਈ ਸਬੰਧਤ ਅਧਿਕਾਰੀਆਂ ਖਿਲਾਫ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਕਿਸਾਨ ਆਗੂ ਸੰਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਤਾਂ ਪਹਿਲਾਂ ਨਿਰਪੱਖ ਜਾਂਚ ਕਰਕੇ ਅਸਲ ਦੋਸ਼ੀਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਅਤੇ ਬੇਕਸੂਰ ਕਿਸਾਨਾਂ ਦੇ ਨਾਮ ਐਫ਼ਆਈਆਰ ਵਿੱਚੋਂ ਤੁਰੰਤ ਕੱਢੇ ਜਾਣ ਅਤੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਚ ਦਰਜ਼ ਨਾਵਾਂ ਚੋ ਕਈਆਂ ਦੀ ਮੌਤ ਹੋਈ ਨੂੰ 10 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਪਰ ਉਨ੍ਹਾਂ ਦੇ ਖਿਲਾਫ ਵੀ ਮਾਮਲੇ ਦਰਜ਼ ਕੀਤੇ ਗਏ ਜੋ ਬਹੁਤ ਮੰਦਭਾਗਾ ਹੈ।

LEAVE A REPLY

Please enter your comment!
Please enter your name here