ਜਲੰਧਰ ਨੇੜੇ ਭਿਆਨਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ/ ਤੂੜੀ ਵਾਲੀ ਟਰਾਲੀ ਤੇ ਮੋਟਰ ਸਾਇਕਲ ਵਿਚਾਲੇ ਟੱਕਰ/ ਪੁਲਿਸ ਨੇ ਟਰੈਕਟਰ ਚਾਲਕ ਨੂੰ ਹਿਰਾਸਤ ’ਚ ਲੈ ਕੇ ਜਾਂਚ ਆਰੰਭੀ

0
2

ਜਲੰਧਰ ਦੇ ਪਿੰਡ ਲਾਡਰਾ ਅੱਡਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਮੋਟਰ ਸਾਇਕਲ ਤੇ ਸਵਾਰ ਹੋ ਕੇ ਮਲਸੀਆਂ ਤੋਂ ਨਕੋਦਰ ਜਾ ਰਹੇ ਸੀ ਕਿ ਪਿੰਡ ਲਾਡਰਾ ਨੇੜੇ ਪਰਾਲੀ ਦੀ ਭਰੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਹਰਜੋਤ ਸਿੰਘ ਵਾਸੀ ਪਿੰਡ ਪੰਧੇਰਾ ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਵਾਸੀ ਪਿੰਡ ਖਾਨਪੁਰ ਢੱਡਾ ਵਜੋਂ ਹੋਈ ਹੈ। ਤਿੰਨੋਂ ਨੌਜਵਾਨ ਕਬੱਡੀ ਖਿਡਾਰੀ ਸਨ। ਮੌਕੇ ਤੇ ਮੌਜੂਦ ਲੋਕਾਂ ਨੇ ਭੱਜ ਰਹੇ ਟਰੈਕਟਰ ਚਾਲਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।
ਮੌਕੇ ਤੇ ਪਹੁੰਚੀ ਸਦਰ ਥਾਣਾ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਮ੍ਰਿਤਕਾਂ ਵਿਚ 16 ਸਾਲਾ ਹਰਜੋਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਪੰਧੇਰਾ ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਸ਼ਾਮਲ ਹਨ।
ਇਨ੍ਹਾਂ ਵਿਚੋਂ ਹਰਜੋਤ 12ਵੀਂ ਜਮਾਤ ਦਾ ਵਿਦਿਆਰਥੀ ਸੀ, ਅਤੇ ਗੁਰਦੀਪ ਨੇ 10 ਦਿਨਾਂ ਵਿੱਚ ਯੂਕੇ ਜਾਣਾ ਸੀ; ਉਸਦਾ ਵੀਜ਼ਾ ਕਲੀਅਰ ਹੋ ਗਿਆ ਸੀ। ਜ਼ਖਮੀ, 17 ਸਾਲਾ ਹਰਦੀਪ ਸਿੰਘ, ਜੋ ਕਿ ਸਰਬਜੀਤ ਸਿੰਘ ਦਾ ਪੁੱਤਰ ਸੀ, ਜੋ ਕਿ ਬਿੱਲਾ ਚਾਉ ਪਿੰਡ ਦਾ ਰਹਿਣ ਵਾਲਾ ਸੀ, ਨੂੰ ਪਹਿਲਾਂ ਨਕੋਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਕਾਰਨ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਤਿੰਨੋਂ ਨੌਜਵਾਨ ਚੰਗੇ ਦੋਸਤ, ਸਹਿਪਾਠੀ ਅਤੇ ਕਬੱਡੀ ਖਿਡਾਰੀ ਸਨ। ਪੁਲਿਸ ਨੇ ਟਰੈਕਟਰ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here