ਪੰਜਾਬ ਗੁਰਦੁਆਰਿਆਂ ਅੰਦਰ ਯੋਗਾ ਕਲਾਸਾਂ ਦਾ ਮਾਮਲਾ ਗਰਮਾਇਆ/ ਸ੍ਰੀ ਅਕਾਲ ਤਖਤ ਤਕ ਪਹੁੰਚਿਆ ਮਾਮਲਾ/ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ By admin - June 14, 2026 0 3 Facebook Twitter Pinterest WhatsApp ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਚੱਲ ਰਹੀਆਂ ‘ਯੋਗਸ਼ਾਲਾ’ ਯੋਗਾ ਕਲਾਸਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਫਰੀਦਕੋਟ ਦੇ ਸਿੱਖ ਨੌਜਵਾਨ ਆਗੂ ਗੁਰਸੇਵਕ ਸਿੰਘ ਭਾਣਾ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਅਕਾਲ ਤਖ਼ਤ ਸਕੱਤਰੇਤ ਨੂੰ ਮੰਗ ਪੱਤਰ ਸੌਂਪਿਆ ਗਿਆ। ਗੁਰਦੁਆਰਿਆਂ ਅਤੇ ਲੰਗਰ ਹਾਲਾਂ ਵਿੱਚ ਲਗਾਈਆਂ ਜਾ ਰਹੀਆਂ ਯੋਗਾ ਕਲਾਸਾਂ ‘ਤੇ ਇਤਰਾਜ਼ ਜਤਾਉਂਦਿਆਂ ਉਨ੍ਹਾਂ ਜਥੇਦਾਰ ਸਾਹਿਬ ਤੋਂ ਕਲਾਸਾਂ ਬੰਦ ਕਰਵਾਉਣ ਲਈ ਹੁਕਮਨਾਮਾ ਜਾਰੀ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਦਕੋਟ ਦੇ ਸਿੱਖ ਨੌਜਵਾਨ ਆਗੂ ਗੁਰਸੇਵਕ ਸਿੰਘ ਭਾਣਾ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਗੁਰਦੁਆਰਾ ਸਾਹਿਬਾਨ ਦੇ ਅੰਦਰ ਅਤੇ ਲੰਗਰ ਹਾਲਾਂ ਵਿੱਚ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ‘ਤੇ ਇਤਰਾਜ਼ ਜਤਾਇਆ। ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ ਯੋਗਸ਼ਾਲਾ’ ਪ੍ਰੋਜੈਕਟ ਤਹਿਤ ਕਈ ਥਾਵਾਂ ‘ਤੇ ਗੁਰਦੁਆਰਾ ਸਾਹਿਬਾਨ ਦੀ ਹੱਦ ਅੰਦਰ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜੋ ਸਿੱਖ ਮਰਿਆਦਾ ਅਤੇ ਗੁਰੂ ਘਰਾਂ ਦੀ ਪਵਿੱਤਰਤਾ ਦੇ ਅਨੁਕੂਲ ਨਹੀਂ ਹਨ। ਉਨ੍ਹਾਂ ਕਿਹਾ ਕਿ ਯੋਗਾ ਇੱਕ ਵੱਖਰੀ ਕਿਰਿਆ ਹੈ ਅਤੇ ਇਸ ਨੂੰ ਗੁਰਦੁਆਰਿਆਂ ਦੀ ਬਜਾਏ ਪਾਰਕਾਂ, ਕਮਿਊਨਿਟੀ ਸੈਂਟਰਾਂ ਜਾਂ ਹੋਰ ਜਨਤਕ ਥਾਵਾਂ ‘ਤੇ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਥਾਵਾਂ ‘ਤੇ ਇਹ ਕਲਾਸਾਂ ਚਲਾਉਣ ਵਾਲੇ ਲੋਕ ਪੰਜਾਬ ਤੋਂ ਬਾਹਰਲੇ ਹਨ ਅਤੇ ਗੁਰੂ ਘਰਾਂ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖੇ ਬਿਨਾਂ ਇਹ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਗੁਰਸੇਵਕ ਸਿੰਘ ਭਾਣਾ ਨੇ ਦੱਸਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਲਈ ਆਏ ਹਨ ਕਿ ਗੁਰਦੁਆਰਾ ਸਾਹਿਬਾਨ ਦੇ ਅੰਦਰ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਬੰਦ ਕਰਨ ਸਬੰਧੀ ਜਲਦ ਤੋਂ ਜਲਦ ਉਚਿਤ ਹੁਕਮ ਜਾਰੀ ਕੀਤੇ ਜਾਣ, ਤਾਂ ਜੋ ਗੁਰੂ ਘਰਾਂ ਦੀ ਮਰਿਆਦਾ ਅਤੇ ਰਵਾਇਤਾਂ ਨੂੰ ਕਾਇਮ ਰੱਖਿਆ ਜਾ ਸਕੇ।