ਗੁਰਦਾਸਪੁਰ ’ਚ ਕਿਸਾਨ ਦੇ ਕਤਲ ਦਾ ਮਾਮਲਾ ਗਰਮਾਇਆ/ ਪਰਿਵਾਰ ਦੇ ਹੱਕ ’ਚ ਨਿਤਰੀਆਂ ਕਿਸਾਨ ਜਥੇਬੰਦੀਆਂ/ 17 ਜੂਨ ਨੂੰ ਹਾਈਵੇ ਜਾਮ ਕਰਨ ਦਾ ਐਲਾਨ

0
1

ਗੁਰਦਾਸਪੁਰ ਦੇ ਕਸਬਾ ਕਾਹਨੂਵਾਲ ਵਿਖੇ 22 ਦਿਨ ਪਹਿਲਾਂ ਕਿਸਾਨ ਦੇ ਹੋਏ ਕਤਲ ਦਾ ਮਾਮਲਾ ਗਰਮਾ ਗਿਆ ਹੈ। ਪਰਿਵਾਰ ਦੇ ਹੱਕ ਵਿਚ ਨਿਤਰੀਆਂ ਕਿਸਾਨ ਜਥੇਬੰਦੀਆਂ ਨੇ ਛੇਤੀ ਕਾਰਵਾਈ ਦੀ ਮੰਗ ਨੂੰ ਲੈ ਕੇ ਹਾਈਵੇ ਜਾਮ ਕਰਨ ਦੀ ਧਮਕੀ ਦਿੱਤੀ ਹੈ। ਪਰਿਵਾਰ ਦੇ ਹੱਕ ਵਿਚ ਨਿਤਰੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਪਰਿਵਾਰ ਨੇ ਛੇਤੀ ਕਾਰਵਾਈ ਦੇ ਭਰੋਸਾ ਬਾਅਦ ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਸੀ ਪਰ 22 ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਦੀ ਛੇਤੀ ਗ੍ਰਿਫਤਾਰੀ ਨਾ ਹੋਈ ਤਾਂ ਉਹ 17 ਜੂਨ ਨੂੰ ਹਾਈਵੇ ਕਰ ਕੇ ਅਣਮਿੱਥੇ ਸਮੇਂ ਲਈ ਧਰਨਾ ਲਾ ਦੇਣਗੇ।
ਦੱਸਣਯੋਗ ਹੈ ਕਿ 23 ਮਈ ਨੂੰ ਕਸਬਾ ਕਾਹਨੂਵਾਨ ਦੇ ਮੁਹੱਲਾ ਨਵਾਂ ਪਿੰਡ ਦੇ ਕਿਸਾਨ ਕੁਲਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਉਸ ਦੇ ਕਤਲ ਤੋਂ ਬਾਅਦ ਇਲਾਕੇ ਦੇ ਲੋਕਾਂ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਕੁਲਵਿੰਦਰ ਸਿੰਘ ਦੇ ਕਥਿਤ ਕਾਤਲਾਂ ਨੂੰ ਫੜਨ ਲਈ ਸਠਿਆਲੀ ਪੁੱਲ ਉੱਤੇ ਧਰਨਾ ਦਿੱਤਾ ਸੀ ਪਰ ਪੁਲਿਸ ਵੱਲੋਂ ਕਾਤਲਾਂ ਨੂੰ ਫੜਨ ਦੇ ਆਸ਼ਵਾਸਨ ਤੋਂ ਬਾਅਦ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਕੀਤੇ ਫੈਸਲੇ ਅਨੁਸਾਰ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਅਤੇ ਮੁਲਜ਼ਮਾਂ ਨੂੰ ਜਲਦੀ ਫੜਨ ਦਾ ਭਰੋਸਾ ਦਿੱਤਾ ਸੀ ਪਰ 22 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੁਲਜਮ ਪੁਲਿਸ ਦੀ ਹਿਰਾਸਤ ਚੋਂ ਬਾਹਰ ਹਨ ਇਸ ਲਈ ਹੁਣ ਇੱਕ ਵਾਰ ਫਿਰ ਪਰਿਵਾਰ ਵੱਲੋਂ ਅਤੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ 17 ਜੂਨ ਦਿਨ ਬੁੱਧਵਾਰ ਨੂੰ ਪਠਾਨਕੋਟ ਅੰਮ੍ਰਿਤਸਰ ਹਾਈਵੇ ਤੇ ਗੁਰਦਾਸਪੁਰ ਬੱਬਰੀ ਚੌਂਕ ਵਿੱਚ ਅਣਮਿਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬਲਵਿੰਦਰ ਸਿੰਘ ਰਾਜੂ ਔਲਖ ਕਮਲਪ੍ਰੀਤ ਸਿੰਘ ਕਾਕੀ ਬਾਬਾ ਜਸਵਿੰਦਰ ਸਿੰਘ ਕਥਾਵਾਚਕ ਅਤੇ ਸਰਪੰਚਨਾਮ ਸਿੰਘ ਲਵਲੀ ਨੇ ਦੱਸਿਆ ਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਮੁਕੰਮਲ ਕਾਰਵਾਈ ਨਹੀਂ ਕੀਤੀ ਜਿਸ ਨਾਲ ਪਰਿਵਾਰ ਨੂੰ ਇਨਸਾਫ ਮਿਲਣ ਦਾ ਕੋਈ ਆਸ ਬਣ ਸਕੇ। ਉਹਨਾਂ ਨੇ ਕਿਹਾ ਕਿ ਪੁਲਿਸ ਹੁਣ ਤੱਕ ਉਹਨਾਂ ਨੂੰ ਲਾਰੇ ਲੱਪੇ ਹੀ ਲਾਉਂਦੀ ਰਹੀ ਹੈ ਇਸ ਲਈ ਹੁਣ ਉਹਨਾਂ ਵੱਲੋਂ ਪੁਲਿਸ ਦੀ ਇਸ ਕਾਰਗੁਜ਼ਾਰੀ ਤੋਂ ਅੱਕ ਕੇ ਇਹ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੁਲਜਮਾਂ ਨੂੰ ਫੜ ਨਹੀਂ ਲਿਆ ਜਾਂਦਾ ਇਹ ਮੋਰਚਾ ਜਾਰੀ ਰਹੇਗਾ। ਇਸ ਮੌਕੇ ਉਹਨਾਂ ਨੇ ਸਮੂਹ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ 17 ਜੂਨ ਬੁੱਧਵਾਰ ਨੂੰ ਬੱਬਰੀ ਚੌਂਕ ਵਿਖੇ 10 ਵਜੇ ਸ਼ੁਰੂ ਹੋਣ ਵਾਲੇ ਧਰਨੇ ਵਿੱਚ ਹੁੰਮ ਹੁਮਾ ਕੇ ਪਹੁੰਚਣ ।

LEAVE A REPLY

Please enter your comment!
Please enter your name here