ਕਪੂਰਥਲਾ ਨਾਲ ਸਬੰਧਤ ਨੌਜਵਾਨ ਦਾ ਜਰਮਨ ’ਚ ਕਤਲ/ ਮੰਦਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਗਈ ਜਾਨ/ ਪਰਿਵਾਰ ਨੇ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ

0
2

ਕਪੂਰਥਲਾ ਅਧੀਨ ਆਉਂਦੇ ਪਿੰਡ ਰਾਮਗੜ੍ਹ ਨਾਲ ਸਬੰਧਤ ਨੌਜਵਾਨ ਦਾ ਜਰਮਨ ਵਿਚ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਬਕ 30 ਸਾਲਾ ਰਾਜਵਿੰਦਰ ਸਿੰਘ 10 ਸਾਲ ਪਹਿਲਾਂ ਜਰਮਨ ਗਿਆ ਸੀ, ਜਿੱਥੇ ਉਹ ਜਰਮਨ ਦੇ ਪੱਕੇ ਸਿਟੀਜਨ ਵਜੋਂ ਰਹਿ ਰਿਹਾ ਸੀ। ਬੀਤੇ ਦਿਨ ਹਰਿਆਣਾ ਦੇ ਕੁੱਝ ਨੌਜਵਾਨਾਂ ਦਾ ਮੰਦਰ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਨ੍ਹਾਂ ਦਾ ਲੜਕਾ ਝਗੜਾ ਸੁਲਝਾਉਣ ਗਿਆ ਸੀ, ਜਿੱਥੇ ਹਰਿਆਣਾ ਦੇ ਨੌਜਵਾਨਾਂ ਨੇ ਰਾਜਵਿੰਦਰ ਸਿੰਘ ਸਮੇਤ 4 ਨੌਜਵਾਨਾਂ ਉਤੇ ਹਮਲਾ ਕਰ ਦਿੱਤਾ। ਰਾਜਵਿੰਦਰ ਸਿੰਘ ਨੂੰ ਸਿਰ ਵਿਚ ਸੱਟ ਲੱਗਣ ਕਰਨ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਇਨਸਾਫ ਵਿਚ ਮਦਦ ਲਈ ਅਪੀਲ ਕੀਤੀ ਹੈ।
ਰਾਜਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਰਾਮਗੜ੍ਹ ਨੇ ਦੱਸਿਆ ਕਿ  ਦੋ ਦਿਨ ਪਹਿਲਾਂ ਉਨ੍ਹਾਂ ਨੂੰ ਫ਼ੋਨ ਤੇ ਜਾਣਕਾਰੀ ਮਿਲੀ ਕਿ ਜਰਮਨ ਵਿਚ ਹਰਿਆਣੇ ਦੇ ਕੁੱਝ ਨੌਜਵਾਨਾਂ ਵਲੋਂ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਉਨ੍ਹਾਂ ਦਾ ਲੜਕਾ ਰਾਜਵਿੰਦਰ ਸਿੰਘ ਝਗੜਾ ਸੁਲਝਾਉਣ ਲਈ ਗਿਆ ਸੀ ਤੇ ਬਾਅਦ ਵਿਚ ਹਰਿਆਣੇ ਦੇ ਲੜਕਿਆਂ ਵਲੋਂ ਚਾਰ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਦੇ ਬੇਟੇ ਰਾਜਵਿੰਦਰ ਸਿੰਘ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਤੇ ਦੋ ਦਿਨ ਹਸਪਤਾਲ ਵਿਚ ਜ਼ੇਰੇ ਇਲਾਜ ਰੱਖਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਰਨੈਲ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਰਾਜਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਜਰਮਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਫਿਰ ਉਸਦੇ ਮ੍ਰਿਤਕ ਸਰੀਰ ਨੂੰ ਆਪਣੇ ਜੱਦੀ ਪਿੰਡ ਰਾਮਗੜ੍ਹ ਪੰਜਾਬ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ।

LEAVE A REPLY

Please enter your comment!
Please enter your name here