ਮੁਕਤਸਰ ’ਚ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਸਖਸ਼/ ਜ਼ਮੀਨੀ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਹੋ ਕੇ ਚੁੱਕਿਆ ਕਦਮ/ ਪੁਲਿਸ ਨੇ ਸਮਝਾ ਬੁਝਾ ਕੇ ਉਤਾਰਿਆ ਹੇਠਾਂ

0
2

 

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਵਿਖੇ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਇਕ ਸਖਸ਼ ਪਟਰੌਲ ਦੇ ਬੋਤਲ ਲੈ ਕੇ ਵਾਟਰ ਵਰਕਸ ਦੀ ਟੈਂਕੀ ਉਤੇ ਚੜ੍ਹ ਗਿਆ। ਜਾਣਕਾਰੀ ਅਨੁਸਾਰ ਭੁੱਟੀਵਾਲਾ ਪਿੰਡ ਦਾ ਰਹਿਣ ਵਾਲਾ ਜਗਮੀਤ ਸਿੰਘ ਜ਼ਮੀਨੀ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਇਹ ਇਨਸਾਫ ਲੈਣ ਲਈ ਪਾਣੀ ਦੀ ਟੈਂਕੀ ਤੇ ਚੜ੍ਹ ਗਿਆ। ਘਟਨਾ ਦਾ ਪਤਾ ਚੱਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਨੂੰ ਸਮਝਾ ਬੁਝਾ ਕੇ ਥੱਲੇ ਉਤਾਰਿਆ।
ਜਗਮੀਤ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਧੀ ਦਾ ਵਿਆਹ ਕੁਝ ਸਾਲ ਪਹਿਲਾਂ ਪਿੰਡ ਸੁਖਨਾ ਅਬਲੂ ਦੇ ਅਰਸ਼ਵਿੰਦਰ ਸਿੰਘ ਨਾਲ ਹੋਇਆ ਸੀ। ਉਸ ਦੇ ਜਵਾਈ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਵਿਰਾਸਤੀ ਜ਼ਮੀਨ ਵਿੱਚੋਂ ਤਿੰਨ ਏਕੜ ਜ਼ਮੀਨ ਉਸ ਦੀ ਧੀ ਸਰਬਜੀਤ ਕੌਰ ਦੇ ਨਾਮ ਅਤੇ ਤਿੰਨ ਏਕੜ ਉਸ ਦੀ ਸੱਸ ਦੇ ਨਾਮ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਕਈ ਵਾਰ ਆਪਸੀ ਸਹਿਮਤੀ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ।
ਉਸ ਦਾ ਕਹਿਣਾ ਸੀ ਕਿ ਹੁਣ ਉਸ ਦੀ ਧੀ ਨੂੰ ਜ਼ਮੀਨ ਅਤੇ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਪੁਲਿਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਸ ਨੇ ਦੱਸਿਆ ਕਿ ਇਨਸਾਫ਼ ਦੀ ਮੰਗ ਨੂੰ ਲੈ ਕੇ ਹੀ ਉਹ ਟੈਂਕੀ ’ਤੇ ਚੜ੍ਹਿਆ ਸੀ। ਜਗਮੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਉਹ ਹੇਠਾਂ ਉਤਰਿਆ ਹੈ। ਇਸ ਸਬੰਧੀ ਐੱਸ.ਐੱਚ.ਓ. ਕੋਟਭਾਈ ਦੀਪਿਕਾ ਕੰਬੋਜ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਜ਼ਮੀਨ ਸਬੰਧੀ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਮਝਾ-ਬੁਝਾ ਕੇ ਟੈਂਕੀ ਤੋਂ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here