ਤਰਨ ਤਾਰਨ ’ਚ ਨਸ਼ਾ ਵਿਰੋਧੀ ਯਾਤਰਾ ਵਿਰੁਧ ਡਟੇ ਕਿਸਾਨ/ ਪੁਲਿਸ ਵੱਲੋਂ ਯਾਤਰਾ ਦਾ ਰੂਟ ਬਦਲਣ ਦਾ ਕੀਤਾ ਵਿਰੋਧ/ ਨਸ਼ੇ ਬਾਰੇ ਸਵਾਲਾਂ ਦੇ ਜਵਾਬ ਨਾ ਦੇਣ ’ਤੇ ਚੁੱਕੇ ਸਵਾਲ

0
1

ਕਿਸਾਨਾਂ ਵੱਲੋਂ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਤਰਨ ਤਾਰਨ ਦੇ ਭਿੱਖੀਵਿੰਡ ਚੌਂਕ ’ਚ ਇਕੱਠਾ ਹੋਏ ਕਿਸਾਨਾਂ ਨੇ ਭਾਜਪਾ ਆਗੂਆਂ ਤੋਂ ਸਵਾਲ ਪੁੱਛਣ ਦਾ ਐਲਾਨ ਕੀਤਾ ਪਰ ਕਿਸਾਨਾਂ ਦੇ ਵਿਰੋਧ ਦੀ ਸੂਹ ਮਿਲਣ ਬਾਅਦ ਪੁਲਿਸ ਨੇ ਯਾਤਰਾ ਦਾ ਰੂਟ ਬਦਲ ਦਿੱਤਾ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਨਸ਼ਿਆਂ ਨੂੰ ਲੈ ਕੇ ਯਾਤਰਾ ਕੱਢ ਰਹੀ ਹੈ ਤਾਂ  ਉਸ ਨੂੰ ਲੋਕਾਂ ਦੇ ਨਸ਼ਿਆਂ ਬਾਰੇ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਭਾਜਪਾ ਦੀ ਯਾਤਰਾ ਦਾ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਅਤੇ ਭਾਜਪਾ  ਆਗੂਆਂ ਨੂੰ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਆਗੂਆਂ ਅਨੁਸਾਰ ਇਹ ਯਾਤਰਾ ਸਵੇਰੇ 10 ਵਜੇ ਭਿੱਖੀਵਿੰਡ ਚੌਂਕ ਵਿੱਚ ਪਹੁੰਚਣੀ ਸੀ, ਜਿਸ ਦੇ ਮੱਦੇਨਜ਼ਰ ਉਹ ਨਿਰਧਾਰਤ ਸਮੇਂ ’ਤੇ ਭਿੱਖੀਵਿੰਡ ਚੌਂਕ ਵਿੱਚ ਇਕੱਠੇ ਹੋ ਗਏ ਅਤੇ ਯਾਤਰਾ ਦੀ ਉਡੀਕ ਕਰਦੇ ਰਹੇ।
ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਕਰਾਰ ਵੀ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਉਣ ਅਤੇ ਕਾਲੀਆਂ ਝੰਡੀਆਂ ਦਿਖਾ ਕੇ ਆਪਣੇ ਸਵਾਲ ਰੱਖਣ ਲਈ ਇਕੱਠੇ ਹੋਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦੁਪਹਿਰ 1 ਵਜੇ ਤੱਕ ਭਿੱਖੀਵਿੰਡ ਚੌਂਕ ਵਿੱਚ ਉਡੀਕ ਕਰਦੇ ਰਹੇ, ਪਰ ਯਾਤਰਾ ਉੱਥੇ ਨਹੀਂ ਪਹੁੰਚੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕਿਸਾਨਾਂ ਵੱਲੋਂ ਐਲਾਨੇ ਗਏ ਵਿਰੋਧ ਨੂੰ ਦੇਖਦਿਆਂ BJP ਵੱਲੋਂ ਯਾਤਰਾ ਦਾ ਸਮਾਂ ਜਾਂ ਰੂਟ ਬਦਲ ਦਿੱਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਆਗੂਆਂ ਨੇ ਕਿਹਾ ਕਿ ਜੇਕਰ BJP ਵੱਲੋਂ ਨਸ਼ਿਆਂ ਵਿਰੁੱਧ ਯਾਤਰਾ ਕੱਢੀ ਜਾ ਰਹੀ ਹੈ ਤਾਂ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਪੁੱਛੇ ਜਾਣ ਵਾਲੇ ਸਵਾਲਾਂ ਦਾ ਸਾਹਮਣਾ ਵੀ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਗੰਭੀਰ ਹੈ ਅਤੇ ਇਸ ਸਬੰਧੀ ਸਿਰਫ਼ ਯਾਤਰਾਵਾਂ ਜਾਂ ਬਿਆਨਾਂ ਦੀ ਬਜਾਏ ਠੋਸ ਕਾਰਵਾਈ ਅਤੇ ਜਵਾਬਦੇਹੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਨਸ਼ਿਆਂ ਦੇ ਮੁੱਦੇ ’ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਸਿਆਸੀ ਆਗੂਆਂ ਤੋਂ ਸਵਾਲ ਪੁੱਛੇ ਜਾਂਦੇ ਰਹਿਣਗੇ।

LEAVE A REPLY

Please enter your comment!
Please enter your name here