ਪਟਿਆਲਾ ਦੇ ਆਨੰਦਨਗਰ ਵਿਖੇ ਬਣੇਗਾ ਯੋਗਾ ਸ਼ੈਡ/ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਉਦਘਾਟਨ/ ਬੱਚਿਆਂ ਲਈ ਝੂਲੇ ਤੇ ਨੌਜਵਾਨਾਂ ਲਈ ਬਣੇਗਾ ਓਪਨ ਜਿੰਮ

0
3

ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਪਟਿਆਲਾ ਦੇ ਆਨੰਦ ਨਗਰ ਇਲਾਕੇ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮੰਗ ਤੇ ਇਕ ਯੋਗਾ ਸ਼ੈਡ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇੱਥੇ ਸੀਐਮ ਦੀ ਯੋਗਸ਼ਾਲਾ ਤਹਿਤ ਔਰਤਾਂ ਵੱਲੋਂ ਯੋਗਾ ਕੀਤਾ ਜਾ ਰਿਹਾ ਸੀ, ਜਿਸ ਦਾ ਉਨ੍ਹਾਂ ਨੂੰ ਬਹੁਤ ਲਾਭ ਹੋਇਆ ਹੈ। ਹੁਣ ਸਥਾਨਕ ਵਾਸੀਆਂ ਦੀ ਮੰਗ ਤੇ ਇੱਥੇ ਯੋਗਾ ਸ਼ੈੱਡ ਬਣਾਇਆ ਜਾ ਰਿਹਾ ਹੈ ਤਾਂ ਜੋ ਬਰਸਾਤ ਦੌਰਾਨ ਵੀ ਲੋਕ ਯੋਗਾ ਕਰ ਸਕਣ। ਉਨ੍ਹਾਂ ਕਿਹਾ ਕਿ ਇੱਥੇ ਯੋਗਾ ਸ਼ੈਡ ਦੇ ਨਾਲ ਨਾਲ ਬੱਚਿਆਂ ਲਈ ਝੂਲੇ ਤੇ ਨੌਜਵਾਨਾਂ ਲਈ ਓਪਨ ਜਿੰਮ ਵੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇੱਥੇ ਰੋਜ਼ਾਨਾ 80 ਤੋਂ 100 ਲੋਕ ਆਉਂਦੇ ਹਨ, ਜਿਨ੍ਹਾਂ ਦੀਆਂ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਕਾਬੂ ਵਿੱਚ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਨਿਯਮਿਤ ਯੋਗਾ ਕਰਨ ਤਾਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਯੋਗਾ ਲਈ ਸ਼ੈਡ, ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ ਓਪਨ ਜਿਮ ਅਤੇ ਵਾਕਿੰਗ ਟਰੈਕ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਸਿਹਤਮੰਦ ਜੀਵਨ ਜੀ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿਣ।
ਉਨ੍ਹਾਂ ਹਸਪਤਾਲਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਪ੍ਰਾਈਵੇਟ ਹਸਪਤਾਲ 10 ਲੱਖ ਵਾਲੇ ਸਿਹਤ ਕਾਰਡ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ ਜਾਂ ਲੋਕਾਂ ਨਾਲ ਮਨਮਾਨੀਆਂ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਹਸਪਤਾਲ ਇਲਾਜ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਅਤੇ ਵੀਡੀਓ ਸਾਂਝੀ ਕੀਤੀ ਜਾਵੇ।
NEET ਅਤੇ SSC GD ਪੇਪਰਾਂ ਨੂੰ ਲੈ ਕੇ ਹੋ ਰਹੇ ਵਿਵਾਦ ’ਤੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਵਿੱਚ ਗੜਬੜੀਆਂ ਅਤੇ ਪੇਪਰ ਲੀਕ ਵਰਗੇ ਮਾਮਲੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹਨ। ਉਨ੍ਹਾਂ ਦੋਸ਼ ਲਾਇਆ ਕਿ ਤਕਨੀਕ ਦਾ ਗਲਤ ਇਸਤੇਮਾਲ ਕਰਕੇ ਪ੍ਰੀਖਿਆਵਾਂ ਵਿੱਚ ਧੋਖਾਧੜੀ ਹੋ ਰਹੀ ਹੈ ਅਤੇ ਸਰਕਾਰ ਇਸਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਹਮੇਸ਼ਾ ਮਜ਼ਬੂਤ ਰਹੀ ਹੈ ਅਤੇ ਲੋਕ ਆਪਸੀ ਭਾਈਚਾਰੇ ਨਾਲ ਰਹਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ।

LEAVE A REPLY

Please enter your comment!
Please enter your name here