ਅੰਮ੍ਰਿਤਸਰ ’ਚ ਟਾਇਲ ਸ਼ੋਅਰੂਮ ’ਤੇ ਫਾਇਰਿੰਗ/ ਮੋਟਰ ਸਾਇਕਲ ਸਵਾਰ ਗੋਲੀਆਂ ਚਲਾ ਕੇ ਫਰਾਰ/ ਵਿਦੇਸ਼ੀ ਨੰਬਰ ਤੋਂ ਆਈ ਸੀ ਫਿਰੌਤੀ ਲਈ ਕਾਲ

0
2

 

ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ‘ਤੇ ਦੇਰ ਸ਼ਾਮ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇੱਕ ਟਾਇਲ ਸ਼ੋਰੂਮ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਰਹੀ ਕਿ ਐਤਵਾਰ ਹੋਣ ਕਾਰਨ ਸ਼ੋਰੂਮ ਬੰਦ ਸੀ, ਜਿਸ ਕਰਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸ਼ੋਅਰੂਮ ਮਾਲਕ ਹਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ 50 ਲੱਖ ਦੀ ਫਿਰੌਤੀ ਦੇਣ ਸਬੰਧੀ ਕਾਲ ਆਈ ਸੀ, ਜਿਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਸੀ। ਇਸ ਤੋਂ ਬਾਅਦ ਐਤਵਾਰ ਨੂੰ ਅਣਪਛਾਤੇ ਮੋਟਰ ਸਾਇਕਲ ਸਵਾਰ ਸ਼ੋਅਰੂਮ ਤੇ 8 ਰਾਊਂਡ ਫਾਇਰਿੰਗ ਕਰ ਕੇ ਫਰਾਰ ਹੋ ਗਏ। ਸ਼ੋਅਰੂਮ ਮਾਲਕ ਮੁਤਾਬਕ ਉਹ ਤੇ ਉਸ ਦੀ ਪਤਨੀ ਨਗਰ ਪੰਚਾਇਤ ਰਈਆਂ ਤੋਂ ਚੋਣ ਵੀ ਲੜ ਰਹੇ ਹਨ। ਪੁਲਿਸ ਨੇ ਸ਼ੋਅਰੂਮ ਮਾਲਕਾਂ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਮੌਕੇ ‘ਤੇ ਪਹੁੰਚੇ ਅਤੇ ਘਟਨਾ ‘ਤੇ ਦੁੱਖ ਪ੍ਰਗਟਾਇਆ। ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ। ਜਿਸ ਵੀ ਵਪਾਰੀ ਦਾ ਕਾਰੋਬਾਰ ਚੰਗਾ ਹੈ, ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੀਆਂ ਕਾਲਾਂ ਆਉਣ ਤੋਂ ਬਾਅਦ ਅਜਿਹੀਆਂ ਫਾਇਰਿੰਗ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਸ ਘਟਨਾ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਕੱਲ੍ਹ ਬਿਆਸ, ਰਈਆ ਅਤੇ ਬਾਬਾ ਬਕਾਲਾ ਸਾਹਿਬ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਅਤੇ ਇਨਸਾਫ ਮਿਲਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਧਰ, ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਖਪਾਲ ਸਿੰਘ ਨੇ ਕਿਹਾ ਕਿ ਫਿਰੌਤੀ ਕਾਲ ਆਉਣ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਫਾਇਰਿੰਗ ਘਟਨਾ ਤੋਂ ਬਾਅਦ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਕੁਝ ਅਹਿਮ ਸੁਰਾਖ ਮਿਲੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here