ਮੰਡੀ ਗੋਬਿੰਦਗੜ੍ਹ ’ਚ ਰਿਮਟ ਮੈਡੀਕਲ ਕਾਲਜ ਅੱਗੇ ਧਰਨਾ/ ਵਿਦਿਆਰਥੀਆਂ ਨੇ ਪ੍ਰਬੰਧਕਾਂ ਖਿਲਾਫ਼ ਕੀਤੀ ਨਾਅਰੇਬਾਜ਼ੀ/ ਦਾਅਵੇ ਮੁਤਾਬਕ ਕਾਲਜ ਪ੍ਰਮਾਣਿਤ ਨਾ ਹੋਣ ਦੇ ਲਾਏ ਇਲਜ਼ਾਮ

0
2

ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਥਿਤ ਰਿਮਟ ਮੈਡੀਕਲ ਕਾਲਜ ਐਂਡ ਹੋਸਪਿਟਲ ਵਿਖੇ ਬੀ.ਐਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਇਲਜਾਮ ਸੀ ਕਿ ਕਾਲਜ ਪ੍ਰਬੰਧਕਾਂ ਨੇ ਕਾਲਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਪ੍ਰਮਾਣਿਤ ਹੋਣ ਦਾ ਦਾਅਵਾ ਕਰ ਕੇ ਮੋਟੀਆ ਫੀਸਾਂ ਵਸੂਲੀਆਂ ਗਈਆਂ ਪਰ ਹੁਣ ਡਿਗਰੀ ਪੂਰੀ ਹੋਣ ਤੋਂ ਬਾਅਦ ਵੀ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਰਹੇ। ਵਿਦਿਆਰਥੀਆਂ ਨੇ ਪ੍ਰਬਧਕਾਂ ਉਤੇ ਗਲਤ ਵਿਵਹਾਰ ਕੇ ਕੁੱਟਮਾਰ ਦੇ ਇਲਜਾਮ ਵੀ ਲਾਏ। ਇਸ ਘਟਨਾਕ੍ਰਮ ਬਾਰੇ ਪ੍ਰਬੰਧਕਾਂ ਤੇ ਪੁਲਿਸ ਦਾ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਵਿਦਿਆਰਥੀ ਮੁਹੰਮਦ ਇਬਰਾਹਿਮ ਅੰਸਾਰੀ ਅਤੇ ਹੋਰ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ  ਜਦੋਂ ਉਹਨਾਂ ਵੱਲੋਂ ਆਪਣੀਆਂ ਡਿਗਰੀਆਂ ਅਤੇ ਸਰਟੀਫਿਕੇਟਾਂ ਦੀ ਮੰਗ ਕੀਤੀ ਗਈ ਤਾਂ ਕਾਲਜ ਪ੍ਰਬੰਧਕਾਂ ਵੱਲੋਂ ਬਾਰ-ਬਾਰ ਟਾਲ ਮਟੋਲ ਕੀਤੀ ਜਾਂਦੀ ਰਹੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਰੋਧ ਵਧਣ ਉਪਰੰਤ ਕਾਲਜ ਮੈਨੇਜਮੈਂਟ ਉਹਨਾਂ ਨੂੰ ਦਿੱਲੀ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਦਫ਼ਤਰ ਲੈ ਕੇ ਗਈ, ਜਿੱਥੇ ਉਹਨਾਂ ਨੂੰ ਦੱਸਿਆ ਗਿਆ ਕਿ ਕਾਲਜ ਉੱਪਰ ਕੇਸ ਚੱਲ ਰਹੇ ਹੋਣ ਕਾਰਨ ਇਹ ਸੰਸਥਾ ਹੁਣ ਐਸੋਸੀਏਸ਼ਨ ਵੱਲੋਂ ਪ੍ਰਮਾਣਿਤ ਨਹੀਂ ਹੈ।
ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਉਹਨਾਂ ਦਾ ਕੀਮਤੀ ਸਮਾਂ ਅਤੇ ਭਵਿੱਖ ਦੋਵੇਂ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਮੰਗ ਕੀਤੀ ਕਿ ਕਾਲਜ ਵੱਲੋਂ ਵਸੂਲੀਆਂ ਗਈਆਂ ਫੀਸਾਂ ਤੁਰੰਤ ਵਾਪਸ ਕੀਤੀਆਂ ਜਾਣ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਾਲਜ ਪ੍ਰਬੰਧਨ ਰਿਫੰਡ ਦੇਣ ਲਈ ਵੀ ਤਿਆਰ ਨਹੀਂ ਹੈ, ਜਿਸ ਕਾਰਨ ਉਹਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ।
ਇਸ ਦੌਰਾਨ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਉੱਪਰ ਇਹ ਵੀ ਦੋਸ਼ ਲਗਾਇਆ ਕਿ ਬਾਹਰੀ ਵਿਅਕਤੀਆਂ ਨੂੰ ਬੁਲਾ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਕੁੱਟਮਾਰ ਕਰਵਾਈ ਗਈ। ਹਾਲਾਂਕਿ ਇਸ ਸਬੰਧੀ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ। ਦੂਜੇ ਪਾਸੇ ਜਦੋਂ ਕਾਲਜ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਸਬੰਧੀ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here