ਪੰਜਾਬ ਮਾਛੀਵਾੜਾ ਸਾਹਿਬ ’ਚ ਸਿੱਖ ਸਬਜ਼ੀ ਵਿਕਰੇਤਾ ਨਾਲ ਕੁੱਟਮਾਰ/ ਕੇਸਾਂ ਦੀ ਬੇਅਦਬੀ, ਵੀਡੀਓ ਵਾਇਰਲ/ ਜਥੇਦਾਰ ਗੜਗੱਜ ਨੇ ਲਿਆ ਗੰਭੀਰ ਨੋਟਿਸ By admin - May 5, 2026 0 2 Facebook Twitter Pinterest WhatsApp ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਵਿਖੇ ਕਿਸਾਨ ਸਬਜ਼ੀ ਵਿਕਰੇਤਾ ਨਾਲ ਨਗਰ ਕੌਂਸਲ ਮੁਲਾਜਮਾਂ ਵੱਲੋਂ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਗਰਮਾ ਗਿਆ ਹੈ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੋਸਟ ਪਾ ਕੇ ਪਰਿਵਾਰ ਨਾਲ ਖੜਣ ਦਾ ਭਰੋਸਾ ਦਿੱਤਾ ਹੈ। ਪੀੜਤ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਨਗਰ ਕੌਂਸਲ ਮੁਲਾਜਮਾਂ ਨੂੰ ਕੰਡਾ ਚੁੱਕ ਕੇ ਲਿਜਾਣ ਦਾ ਵਿਰੋਧ ਕੀਤਾ ਸੀ। ਖਬਰਾਂ ਮੁਤਾਬਕ ਨਗਰ ਕੌਂਸਲ ਨੇ ਆਪਣੇ ਮੁਲਾਜਮ ਸਸਪੈਂਡ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਛੀਵਾੜਾ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਸਿੱਖ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਫੌਜ ਤੋਂ ਸੇਵਾਮੁਕਤ ਹੋ ਕੇ ਆਪਣੇ ਖੇਤਾਂ ਵਿਚ ਸਬਜੀਆਂ ਦੀ ਪੈਦਾਵਾਰ ਕਰ ਮਾਛੀਵਾੜਾ ਬੱਸ ਅੱਡੇ ਨੇੜ੍ਹੇ ਟ੍ਰੈਕਟਰ-ਟਰਾਲੀ ਲਗਾ ਕੇ ਵੇਚਦਾ ਹੈ। 4 ਮਈ ਦੀ ਸ਼ਾਮ ਨੂੰ ਨਗਰ ਕੌਂਸਲ ਦੀ ਇੱਕ ਗੱਡੀ ਉਸ ਕੋਲ ਆਈ ਅਤੇ ਮੇਰੇ ਟ੍ਰੈਕਟਰ-ਟਰਾਲੀ ਤੋਂ ਕੰਡਾ ਚੁੱਕ ਕੇ ਲੈ ਗਏ। ਕੁਲਦੀਪ ਸਿੰਘ ਨੇ ਕਿਹਾ ਕਿ ਜਦੋਂ ਉਹ ਕੰਡਾ ਵਾਪਸ ਲੈਣ ਲਈ ਨਗਰ ਕੌਂਸਲ ਮੁਲਾਜਮਾਂ ਕੋਲ ਗਿਆ ਤਾਂ 7-8 ਵਿਅਕਤੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਿਆਨਕਰਤਾ ਅਨੁਸਾਰ ਕੁੱਟਮਾਰ ਕਰਨ ਵਾਲੇ ਵਿਅਕਤੀ ਪਾਰਸ, ਬਬਲੀ, ਮੌਜੀ, ਨੋਨਾ, ਦੇਵ ਅਤੇ ਬਾਕੀ ਅਣਪਛਾਤੇ ਹਨ। ਇਨ੍ਹਾਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੇ ਉਸਦੇ ਸਿਰ ਵਿਚ ਪਲਾਸਟਿਕ ਵਾਲੇ ਕਰੇਟ ਮਾਰੇ ਅਤੇ ਲੋਹੇ ਵਾਲਾ ਕੜਾ ਵੀ ਮਾਰਿਆ ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਬਿਆਨਕਰਤਾ ਅਨੁਸਾਰ ਉਸਦੇ ਨਾਬਾਲਗ ਲੜਕੇ ਸੁਖਮਨਪ੍ਰੀਤ ਸਿੰਘ ਦੀ ਵੀ ਕੁੱਟਮਾਰ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ ਨੇ ਉਸ ਨੂੰ ਵਾਲਾਂ ਤੋਂ ਖਿੱਚ ਕੇ ਕੁੱਟਿਆ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਇਹ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੂਸਰੇ ਪਾਸੇ ਜਦੋਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਨਾਲ ਗੱਲ ਕੀਤੀ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਜੇਕਰ ਪੁਲਸ ਨੇ 24 ਘੰਟਿਆਂ ਅੰਦਰ ਪੀੜ੍ਹਤ ਵਿਅਕਤੀ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਖੁਦ ਪਰਿਵਾਰ ਨੂੰ ਮਿਲ ਕੇ ਅਗਲੀ ਕਾਰਵਾਈ ਲਈ ਸਾਥ ਦੇਣਗੇ। ਜਥੇਦਾਰ ਗੜਗੱਜ ਨੇ ਕਿਹਾ ਕਿ ਕੁਲਦੀਪ ਸਿੰਘ ਇੱਕ ਕਿਰਤੀ ਕਿਸਾਨ ਹੈ ਜੋ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ, ਇਸ ਲਈ ਸਿੱਖ ਵਿਅਕਤੀ ਨਾਲ ਗੁੰਡਾ ਅਨਸਰਾਂ ਵਲੋਂ ਕੀਤੀ ਗਈ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ। ਦੂਸਰੇ ਪਾਸੇ ਮਾਛੀਵਾੜਾ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ’ਚੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।