ਅੰਮ੍ਰਿਤਸਰ ’ਚ ਮਰਹੂਮ ਡੀਐਮ ਦੇ ਪਰਿਵਾਰ ਦੀ ਪ੍ਰੈੱਸ ਕਾਨਫਰੰਸ/ ਪਰਿਵਾਰ ਨੇ ਮੁੜ ਦੁਹਰਾਈ ਇਨਸਾਫ਼ ਦੀ ਮੰਗ/ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਜਾਹਰ ਕੀਤੀ ਨਰਾਜਗੀ

0
2

ਮਰਹੂਮ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੂਰਨ ਇਨਸਾਫ ਦੀ ਮੰਗ ਦੁਹਰਾਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪਰਿਵਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਕੀਤੀ ਕਾਰਵਾਈ ਤੇ ਨਰਾਜਗੀ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਨੇ ਵਾਅਦੇ ਮੁਤਾਬਕ ਇਨਸਾਫ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮਾਮਲੇ ਵਿੱਚ ਕੁਝ ਗ੍ਰਿਫਤਾਰੀਆਂ ਹੋਣ ਦੇ ਬਾਵਜੂਦ ਬਾਕੀ ਦੋਸ਼ੀਆਂ ਨੂੰ ਨਾ ਤਾਂ ਕਾਬੂ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਖਿਲਾਫ ਪੂਰੇ ਸਬੂਤ ਇਕੱਠੇ ਕੀਤੇ ਗਏ ਹਨ। ਪਰਿਵਾਰ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਕਿਹਾ ਕਿ ਕੇਵਲ ਇਕ ਹੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਅਸਲ ਦੋਸ਼ੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ। ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਕਰਦੇ ਹੋਏ ਉਹਨਾਂ ਨੇ ਦਾਅਵਾ ਕੀਤਾ ਕਿ ਜਾਂਚ ਪੂਰੀ ਤਰ੍ਹਾਂ ਪੱਖਪਾਤੀ ਲੱਗ ਰਹੀ ਹੈ ਅਤੇ ਸੱਚਾਈ ਸਾਹਮਣੇ ਨਹੀਂ ਆ ਰਹੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਮਜਬੂਰੀ ਵਿੱਚ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਕਿਉਂਕਿ 35 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੱਡੀ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਬਾਕੀ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ, ਪਰ ਅਜੇ ਤੱਕ ਉਹ ਸਿਰਫ ਵਾਅਦੇ ਹੀ ਸਾਬਤ ਹੋਏ ਹਨ।
ਉਪਿੰਦਰ ਕੌਰ ਨੇ ਇਹ ਵੀ ਕਿਹਾ ਕਿ ਕਈ ਸਿਆਸੀ ਆਗੂ ਪਹਿਲਾਂ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ਵਿੱਚ ਕੋਈ ਵੀ ਮੁੜ ਕੇ ਨਹੀਂ ਆਇਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੂੰ ਕਿਸੇ ਵੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ, ਸਿਰਫ ਆਪਣੇ ਪਤੀ ਲਈ ਇਨਸਾਫ ਚਾਹੀਦਾ ਹੈ। ਪਰਿਵਾਰ ਨੇ ਆਖਿਰ ਵਿੱਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇ ਜਲਦੀ ਇਨਸਾਫ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। ਇਸ ਮਾਮਲੇ ਨੇ ਇਕ ਵਾਰ ਫਿਰ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਦਿੱਤੇ ਹਨ।

LEAVE A REPLY

Please enter your comment!
Please enter your name here