ਪੰਜਾਬ ਗੁਰਦਾਸਪੁਰ ’ਚ ਵਾਰੀ ਉਡੀਕਦੇ ਡਰਾਈਵਰ ਦੀ ਮੌਤ/ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਮੌਤ ਹੋਣ ਦੇ ਇਲਜ਼ਾਮ/ ਗੱਡੀਆਂ ਖਾਲੀ ਕਰਨ ਲਈ ਕਰਨੀ ਪੈਂਦੀ ਲੰਮੀ ਉਡੀਕ By admin - April 26, 2026 0 1 Facebook Twitter Pinterest WhatsApp ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਕਈ ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਇੱਕ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਗੁਰਦੀਪ ਸਿੰਘ (50) ਵਜੋਂ ਹੋਈ ਹੈ ਜੋ ਕਿ ਪਿੰਡ ਪੱਚੋ ਚੱਕ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਗੁਰਦੀਪ ਸਿੰਘ 4-5 ਦਿਨਾਂ ਤੋਂ ਦਾਣਾ ਮੰਡੀ ਗੁਰਦਾਸਪੁਰ ਵਿੱਚ ਸਥਿਤ ਵੇਅਰ ਹਾਊਸ ਦੇ ਗੋਦਾਮਾ ਵਿੱਚ ਆਪਣੀ ਗੱਡੀ ਖਾਲੀ ਹੋਣ ਦੀ ਉਡੀਕ ਕਰ ਰਿਹਾ ਸੀ। ਬੀਤੀ ਰਾਤ ਉਹ ਟਰੱਕ ਵਿਚ ਹੀ ਸੁੱਤਾ ਸੀ ਪਰ ਸਵੇਰ ਵੇਲੇ ਮ੍ਰਿਤਕ ਪਾਇਆ ਗਿਆ ਹੈ। ਪਰਿਵਾਰ ਦੇ ਸਾਥੀ ਡਰਾਈਵਰਾਂ ਨੇ ਇਸ ਹਾਦਸੇ ਲਈ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ ਹੈ। ਡਰਾਈਵਰਾਂ ਨੇ ਗੱਡੀਆਂ ਛੇਤੀ ਖਾਲੀ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਰਾਤ ਨੂੰ ਟਰੱਕ ਵਿੱਚ ਹੀ ਸੁੱਤੇ ਸਨ, ਪਰ ਸਵੇਰੇ ਜਦੋਂ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਮੌਕੇ ‘ਤੇ ਮੌਜੂਦ ਹੋਰ ਟਰੱਕ ਡਰਾਈਵਰ ਸਾਥੀਆਂ ਨੇ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ 20-21 ਤਰੀਕ ਤੋਂ ਮੰਡੀਆਂ ਵਿੱਚ ਬੈਠੇ ਹਨ ਪਰ 5-6 ਦਿਨ ਬੀਤ ਜਾਣ ਦੇ ਬਾਵਜੂਦ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ। ਅੱਤ ਦੀ ਗਰਮੀ ਅਤੇ ਧੂੜ-ਮਿੱਟੀ ਕਾਰਨ ਡਰਾਈਵਰਾਂ ਦਾ ਹਾਲ ਬੇਹਾਲ ਹੈ। ਚੋਰੀ ਦੇ ਡਰ ਕਾਰਨ ਡਰਾਈਵਰਾਂ ਨੂੰ ਮਜਬੂਰਨ ਗੱਡੀਆਂ ਦੇ ਅੰਦਰ ਜਾਂ ਨੇੜੇ ਹੀ ਸੌਣਾ ਪੈਂਦਾ ਹੈ। ਵੇਅਰਹਾਊਸ ਅਤੇ ਆੜ੍ਹਤੀਆਂ ਵਿਚਾਲੇ ਜਗ੍ਹਾ ਦੀ ਕਮੀ ਦੇ ਵਿਵਾਦ ਕਾਰਨ ਡਰਾਈਵਰਾਂ ਨੂੰ ਬਿਨਾਂ ਕਿਸੇ ਕਸੂਰ ਦੇ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਮੌਜੂਦ ਡਰਾਈਵਰਾਂ ਨੇ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਫਸਲ ਦੀ ਲਿਫਟਿੰਗ ਅਤੇ ਗੱਡੀਆਂ ਖਾਲੀ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਅੱਤ ਦੀ ਗਰਮੀ ਵਿੱਚ ਕਿਸੇ ਹੋਰ ਕੀਮਤੀ ਜਾਨ ਦਾ ਨੁਕਸਾਨ ਨਾ ਹੋਵੇ।