ਪੰਜਾਬ ਅੰਮ੍ਰਿਤਸਰ ਖਾਸਾ ਫੈਕਟਰੀ ’ਚ ਮਹਿਲਾ ਮੁਲਾਜ਼ਮਾਂ ਦਾ ਪ੍ਰਦਰਸ਼ਨ/ ਦਿਹਾੜੀ 300 ਤੋਂ ਵਧਾ ਕੇ 468 ਰੁਪਏ ਕਰਨ ਦੀ ਮੰਗ/ ਪ੍ਰਬੰਧਕਾਂ ’ਤੇ ਗਲਤ ਵਿਵਹਾਰ ਦੇ ਇਲਜ਼ਾਮ By admin - April 26, 2026 0 2 Facebook Twitter Pinterest WhatsApp ਅੰਮ੍ਰਿਤਸਰ ਦੀ ਖਾਸਾ ਸ਼ਰਾਬ ਫੈਕਟਰੀ ਦੀ ਮਹਿਲਾ ਮੁਲਾਜਮਾਂ ਨੇ ਫੈਕਟਰੀ ਪ੍ਰਬੰਧਕਾਂ ਉਤੇ ਗੰਭੀਰ ਇਲਜ਼ਾਮ ਲਾਏ ਹਨ। ਮਹਿਲਾ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਿਯਮਾਂ ਮੁਤਾਬਕ ਮਿਹਨਤਾਨਾ ਨਹੀਂ ਮਿਲ ਰਿਹਾ ਪਰ ਫੈਕਟਰੀ ਪ੍ਰਬੰਧਕ ਮੰਗ ਪੂਰੀ ਕਰਨ ਦੀ ਥਾਂ ਗਲਤ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ 468 ਰੁਪਏ ਦਿਹਾੜੀ ਬਣਦੀ ਹੈ ਜਦਕਿ ਫੈਕਟਰੀ ਵੱਲੋਂ ਕੇਵਲ 300 ਰੁਪਏ ਹੀ ਦਿੱਤੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਿਲਾ ਮੁਲਾਜਮਾਂ ਨੇ ਫੈਕਟਰੀ ਪ੍ਰਬੰਧਕਾਂ ਉਤੇ ਗਲਤ ਵਿਹਾਰ ਦੇ ਇਲਜਾਮ ਲਾਉਂਦਿਆਂ ਕਿਹਾ ਕਿ ਜੇਕਰ ਕੋਈ ਹੱਕ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਜਾਂਦੀ ਹੈ। ਮਹਿਲਾ ਮੁਲਾਜਮਾਂ ਨੇ ਕੁੱਝ ਮੁਲਾਜਮਾਂ ਨੂੰ ਨੌਕਰੀ ਤੋਂ ਕੱਢਣ ਅਤੇ ਕੁੱਝ ਨੂੰ ਫੈਕਟਰੀ ਅੰਦਰ ਬੰਦ ਕਰਨ ਦੇ ਇਲਜਾਮ ਵੀ ਲਾਏ। ਇੱਕ ਮਹਿਲਾ ਮੁਲਾਜ਼ਮ ਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਬਿਨਾਂ ਵਜ੍ਹਾ ਕੰਮ ਤੋਂ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਹੋਰ ਮਹਿਲਾਵਾਂ ਨੇ ਇਕੱਠੇ ਹੋ ਕੇ ਹੜਤਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਫੈਕਟਰੀ ਦੇ ਅੰਦਰ ਕੁਝ ਮਹਿਲਾਵਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਾਹਰ ਆਉਣ ਨਹੀਂ ਦਿੱਤਾ ਗਿਆ। ਮੁਲਾਜ਼ਮਾਂ ਦੇ ਸਮਰਥਨ ‘ਚ ਵੱਖ-ਵੱਖ ਜਥੇਬੰਦੀਆਂ ਵੀ ਮੌਕੇ ‘ਤੇ ਪਹੁੰਚੀਆਂ। ਜਥੇਬੰਦੀ ਆਗੂਆਂ ਨੇ ਕਿਹਾ ਕਿ ਇਹ ਮਜ਼ਦੂਰਾਂ ਦੇ ਹੱਕਾਂ ਦੀ ਖੁੱਲ੍ਹੀ ਉਲੰਘਣਾ ਹੈ ਅਤੇ ਜੇ ਜਲਦੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਪਰ ਹਾਲੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਵੱਲੋਂ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਸਿਰਫ ਤਨਖਾਹ ਨਾਲ ਜੁੜਿਆ ਵਿਵਾਦ ਦੱਸਿਆ ਜਾ ਰਿਹਾ ਹੈ। ਡੀਐਸਪੀ ਹਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਫੈਕਟਰੀ ਅੰਦਰ ਦੋ ਮਹਿਲਾਵਾਂ ਵਿੱਚ ਛੋਟਾ ਜਿਹਾ ਝਗੜਾ ਹੋਇਆ ਸੀ, ਜਿਸਨੂੰ ਮੈਨੇਜਮੈਂਟ ਨੇ ਸੁਲਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਨਖਾਹ ਸਬੰਧੀ ਮਸਲਾ ਲੇਬਰ ਵਿਭਾਗ ਕੋਲ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਸੁਣਵਾਈ ਜਲਦ ਹੋਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਫੈਕਟਰੀ ਅੰਦਰ ਕਿਸੇ ਨੂੰ ਬੰਦ ਕਰਨ ਜਾਂ ਜ਼ਬਰਦਸਤੀ ਰੋਕਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਫਿਲਹਾਲ ਮਹਿਲਾ ਮੁਲਾਜ਼ਮ ਆਪਣੇ ਹੱਕਾਂ ਲਈ ਡਟੀ ਹੋਈਆਂ ਹਨ ਅਤੇ ਚੇਤਾਵਨੀ ਦੇ ਰਹੀਆਂ ਹਨ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੀਆਂ।