ਪੰਜਾਬ ਸਮਰਾਲਾ ਦੇ ਹਸਪਤਾਲ ਮਹਿਲਾ ਦੀ ਮੌਤ ਨੂੰ ਲੈ ਕੇ ਹੰਗਾਮਾ/ ਪਰਿਵਾਰ ਨੇ ਡਾਕਟਰਾਂ ਤੇ ਲਾਪ੍ਰਵਾਹੀ ਦੇ ਲਾਏ ਇਲਜ਼ਾਮ/ ਹਸਪਤਾਲ ਨੇ ਦੋਸ਼ ਨਕਾਰੇ By admin - April 24, 2026 0 2 Facebook Twitter Pinterest WhatsApp ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ ਜਦੋਂ ਇੱਕ 27 ਸਾਲਾ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਨੇ ਡਾਕਟਰਾਂ ਉਤੇ ਲਾਪ੍ਰਵਾਹੀ ਦੇ ਇਲਜਾਮ ਲਾਉਂਦਿਆਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਧੀ ਦੀ ਮੌਤ ਡਾਕਟਰਾਂ ਦਾ ਗਲਤੀ ਕਾਰਨ ਹੋਈ ਹੈ। ਦੂਜੇ ਪਾਸੇ ਡਾਕਟਰਾਂ ਨੇ ਦੋਸ਼ ਨਕਾਰੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਲਕੁਲ ਸਹੀ ਇਲਾਜ ਕੀਤਾ ਹੈ ਪਰ ਮਰੀਜ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਮ੍ਰਿਤਕਾ ਦੇ ਪਿਤਾ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸਿਰਫ਼ ਖਾਂਸੀ ਦੀ ਸ਼ਿਕਾਇਤ ਸੀ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪਿਤਾ ਅਨੁਸਾਰ, ਮੇਰੀ ਬੇਟੀ ਬਿਲਕੁਲ ਠੀਕ ਸੀ। ਮੈਂ ਅੱਧਾ ਘੰਟਾ ਪਹਿਲਾਂ ਉਸ ਨਾਲ ਗੱਲ ਕਰਕੇ ਗਿਆ ਸੀ। ਉਸਨੂੰ ਸਿਰਫ਼ ਖਾਂਸੀ ਸੀ, ਪਰ ਡਾਕਟਰਾਂ ਨੇ ਉਸਦਾ ਕੀ ਹਾਲ ਕਰ ਦਿੱਤਾ, ਸਾਨੂੰ ਕੁਝ ਸਮਝ ਨਹੀਂ ਆ ਰਿਹਾ। ਜੇਕਰ ਇਹ ਹਸਪਤਾਲ ਇਲਾਜ ਨਹੀਂ ਕਰ ਸਕਦਾ ਸੀ ਤਾਂ ਸਾਨੂੰ ਪਹਿਲਾਂ ਹੀ ਦੱਸ ਦਿੰਦੇ, ਅਸੀਂ ਉਸਨੂੰ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਲੈ ਜਾਂਦੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਸਪਤਾਲ ਵਿੱਚ ਸਹੂਲਤਾਂ ਦੀ ਭਾਰੀ ਕਮੀ ਹੈ। ਮ੍ਰਿਤਕਾ ਦੀ ਇੱਕ ਹੋਰ ਰਿਸ਼ਤੇਦਾਰ ਮਹਿਲਾ ਨੇ ਦੱਸਿਆ ਕਿ ਉਹ ਸਵੇਰੇ ਪੂਜਾ ਨੂੰ ਮਿਲਣ ਆਈ ਸੀ। ਪੂਜਾ ਨੇ ਇਸ਼ਾਰਿਆਂ ਵਿੱਚ ਦੱਸਿਆ ਸੀ ਕਿ ਉਸਨੂੰ ਖਾਂਸੀ ਬਹੁਤ ਜ਼ਿਆਦਾ ਹੋ ਰਹੀ ਹੈ। ਮਹਿਲਾ ਅਨੁਸਾਰ, ਜਦੋਂ ਉਸਦੀ ਹਾਲਤ ਵਿਗੜੀ ਤਾਂ ਹਸਪਤਾਲ ਵਿੱਚ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਸਿਰਫ਼ ਨਰਸਾਂ ਅਤੇ ਸਟਾਫ਼ ਹੀ ਉੱਥੇ ਸੀ। ਜਦੋਂ ਤੱਕ ਡਾਕਟਰ ਆਏ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਅਦ ਵਿੱਚ ਡਾਕਟਰਾਂ ਨੇ ਮੌਤ ਦਾ ਕਾਰਨ ‘ਹਾਰਟ ਅਟੈਕ’ ਦੱਸਿਆ, ਜਿਸ ਨੂੰ ਪਰਿਵਾਰ ਮੰਨਣ ਲਈ ਤਿਆਰ ਨਹੀਂ ਹੈ। ਪੀੜਤ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੋਂ ਪੂਰੀ ਰਿਪੋਰਟ ਅਤੇ ਸਬੂਤਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਨ੍ਹਾਂ ਨੂੰ ਮੌਤ ਦੇ ਅਸਲ ਕਾਰਨਾਂ ਬਾਰੇ ਲਿਖਤੀ ਰਿਪੋਰਟ ਨਹੀਂ ਮਿਲਦੀ ਅਤੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਹ ਚੈਨ ਨਾਲ ਨਹੀਂ ਬੈਠਣਗੇ। ਸਾਡੀ ਬੇਟੀ ਤਾਂ ਚਲੀ ਗਈ, ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨਾਲ ਅਜਿਹਾ ਹੋਵੇ। ਇਸ ਹਸਪਤਾਲ ਵਿੱਚ ਗਰੀਬਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ।” ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਲਗਾਏ ਗਏ ਅਣਗਹਿਲੀ ਦੇ ਦੋਸ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਮਰੀਜ਼ ਦਾ ਇਲਾਜ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ ਅਤੇ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਸਥਿਰ ਸੀ। ਮੌਤ ਦਾ ਮੁਢਲਾ ਕਾਰਨ ਅਚਾਨਕ ਆਇਆ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਨੇ ਲਗਭਗ 45 ਮਿੰਟ ਤੱਕ ਮਰੀਜ਼ ਨੂੰ ਬਚਾਉਣ ਲਈ ਸੀ.ਪੀ.ਆਰ ਸਮੇਤ ਹਰ ਸੰਭਵ ਕੋਸ਼ਿਸ਼ ਕੀਤੀ। ਘਟਨਾ ਦੇ ਸਮੇਂ ਡਿਊਟੀ ਡਾਕਟਰ, ਸਟਾਫ ਨਰਸਾਂ ਅਤੇ ਹੋਰ ਸਹਾਇਕ ਅਮਲਾ ਮੌਕੇ ‘ਤੇ ਮੌਜੂਦ ਸੀ।ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।