ਸਰਹਿੰਦ ਮੰਡੀ ਦਾ ਦੌਰਾ ਕਰਨ ਪਹੁੰਚੇ ਮੰਤਰੀ ਕਟਾਰੂਚੱਕ/ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ/ ਮੰਡੀ ਅੰਦਰਲੇ ਪ੍ਰਬੰਧਾਂ ’ਤੇ ਤਸੱਲੀ ਜਾਹਰ

0
3

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਲਗਾਤਾਰ ਸੂਬੇ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰ ਰਹੇ ਹਨ। ਇਸੇ ਤਹਿਤ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਰਹਿੰਦ ਦਾਣਾ ਮੰਡੀ ਪਹੁੰਚੇ, ਜਿੱਥੇ ਉਨ੍ਹਾਂ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਖਰੀਦ ਸੀਜ਼ਨ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ‘ਤੇ ਖਰੀ ਉਤਰੀ ਹੈ ਅਤੇ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਅੰਦਰ ਇਸ ਵਾਰ 122 ਲੱਖ ਮੀਟਰਿਕ ਟਨ ਕਣਕ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਭਰ ਵਿੱਚ ਲਗਭਗ 39 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਆ ਚੁੱਕੀ ਹੈ, ਜਿਸ ਵਿੱਚੋਂ ਕਰੀਬ 34 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 1818 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਮੰਡੀਆਂ ਵਿੱਚ ਖਰਾਬ ਬਾਰਦਾਨੇ ਸਬੰਧੀ ਆ ਰਹੀਆਂ ਖਬਰਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਹਾਲਾਤਾਂ, ਖ਼ਾਸ ਕਰਕੇ ਅਮਰੀਕਾ-ਇਰਾਨ ਤਣਾਅ ਕਾਰਨ ਨਵੇਂ ਬਾਰਦਾਨੇ ਦੀ ਸਪਲਾਈ ਘਟੀ ਹੈ। ਇਸ ਕਰਕੇ ਕਈ ਥਾਵਾਂ ‘ਤੇ ਪੁਰਾਣੇ ਬਾਰਦਾਨੇ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਇਹ ਮਾਪਦੰਡਾਂ ਅਨੁਸਾਰ ਬਿਲਕੁਲ ਠੀਕ ਹੈ ਅਤੇ ਕਿਤੇ ਵੀ ਘਟੀਆ ਗੁਣਵੱਤਾ ਵਾਲਾ ਬਾਰਦਾਨਾ ਨਹੀਂ ਭੇਜਿਆ ਗਿਆ।

LEAVE A REPLY

Please enter your comment!
Please enter your name here