ਪੰਜਾਬ ਧਰਮ ਯੁੱਧ ਮੋਰਚਾ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ/ ਸਰਕਾਰ ਦੇ ਕਦਮ ਦੀ ਕੀਤੀ ਸ਼ਲਾਘਾ/ ਕਿਹਾ, ਰਾਜਪਾਲ ਦੇ ਦਸਤਖਤਾਂ ਤਕ ਜਾਰੀ ਰਹੇਗਾ ਸੰਘਰਸ਼ By admin - April 14, 2026 0 3 Facebook Twitter Pinterest WhatsApp ਬੇਅਦਬੀ ਕਾਨੂੰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਮ ਯੁੱਧ ਮੋਰਚਾ ਦੇ ਆਗੂਆਂ ਨੇ ਬੇਅਦਬੀ ਵਿਰੋਧੀ ਬਿੱਲ ਨੂੰ ਕਾਨੂੰਨੀ ਰੂਪ ਮਿਲਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮੋਰਚੇ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਵੱਲੋਂ ਬਿੱਲ ਪਾਸ ਕਰਨ ਦਾ ਕਦਮ ਸ਼ਲਾਘਾਯੋਗ ਹੈ ਪਰ ਇਹ ਬਿੱਲ ਰਾਜਪਾਲ ਦੇ ਦਸਤਖਤਾਂ ਤੋਂ ਬਾਅਦ ਹੀ ਕਾਨੂੰਨ ਬਣੇਗਾ, ਇਸ ਲਈ ਰਾਜਪਾਲ ਦੇ ਦਸਤਖਤ ਹੋਣ ਤਕ ਮੋਰਚਾ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਇਹ ਬਿਲ ਕਾਫੀ ਸਮੇਂ ਲਟਕਦਾ ਆ ਰਿਹਾ ਹੈ, ਇਸ ਲਈ ਰਾਜਪਾਲ ਨੂੰ ਇਸ ਬਿੱਲ ਉਤੇ ਦਸਤਖਤ ਕਰ ਦੇਣੇ ਚਾਹੀਦੇ ਹਨ। ਗੁਰਪ੍ਰੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਪੰਜਾਬ ਵਿਧਾਨ ਸਭਾ ਵੱਲੋਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਮੈਂਡਮੈਂਟ ਐਕਟ 2026” ਦੇ ਰੂਪ ਵਿੱਚ ਬਿੱਲ ਪਾਸ ਕੀਤਾ ਗਿਆ ਹੈ, ਜੋ ਕਾਨੂੰਨ ਬਣਨ ਦੀ ਪ੍ਰਕਿਰਿਆ ਵਿੱਚ ਇੱਕ ਵੱਡਾ ਕਦਮ ਹੈ। ਹਾਲਾਂਕਿ, ਅਜੇ ਇਹ ਕਾਨੂੰਨ ਤਦੋਂ ਹੀ ਲਾਗੂ ਹੋਵੇਗਾ ਜਦੋਂ ਰਾਜਪਾਲ ਵੱਲੋਂ ਦਸਤਖਤ ਕਰਕੇ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿੱਲ ਪਾਸ ਹੋਣਾ ਅਤੇ ਕਾਨੂੰਨ ਲਾਗੂ ਹੋਣਾ ਦੋ ਵੱਖ-ਵੱਖ ਪੜਾਅ ਹਨ। ਕੱਲ੍ਹ ਵਿਧਾਨ ਸਭਾ ਵਿੱਚ ਜੈਕਾਰੇ ਵੀ ਗੂੰਜੇ, ਜਿਸਨੂੰ ਮੋਰਚੇ ਨਾਲ ਜੁੜੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਲੰਬੀ ਲੜਾਈ ਦੀ ਗੂੰਜ ਵਜੋਂ ਦੇਖਿਆ ਜਾ ਰਿਹਾ ਹੈ। ਉਹ ਪਿਛਲੇ ਲਗਭਗ ਡੇਢ ਸਾਲ ਤੋਂ ਇਸ ਮੋਰਚੇ ਨੂੰ ਅੱਗੇ ਵਧਾ ਰਹੇ ਹਨ। ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਜਦ ਤੱਕ ਕਾਨੂੰਨ ਲਾਗੂ ਨਹੀਂ ਹੁੰਦਾ, ਮੋਰਚਾ ਜਾਰੀ ਰਹੇਗਾ। ਉ ਨ੍ਹਾਂ ਇਹ ਵੀ ਕਿਹਾ ਕਿ ਜੇਕਰ ਰਾਜਪਾਲ ਵੱਲੋਂ ਦਸਤਖਤ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਸਿੱਖ ਭਾਈਚਾਰੇ ਲਈ ਨਿਰਾਸ਼ਾਜਨਕ ਸਥਿਤੀ ਹੋ ਸਕਦੀ ਹੈ। ਪਹਿਲਾਂ ਵੀ 2016 ਅਤੇ 2018 ਵਿੱਚ ਭੇਜੇ ਗਏ ਬਿੱਲਾਂ ‘ਤੇ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਰਾਜਪਾਲ ਜਲਦ ਹੀ ਦਸਤਖਤ ਕਰਕੇ ਕਾਨੂੰਨ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਨੋਟੀਫਿਕੇਸ਼ਨ ਜਾਰੀ ਹੋਵੇਗੀ, ਇਹ ਮੋਰਚਾ ਫਤਿਹ ਮੰਨਿਆ ਜਾਵੇਗਾ। ਫਿਲਹਾਲ, ਮੋਰਚਾ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਪਡੇਟ ਸਾਂਝੀਆਂ ਕੀਤੀਆਂ ਜਾਣਗੀਆਂ।