ਕਪੂਰਥਲਾ ’ਚ ਨਸ਼ੇ ਨੇ ਦੋ ਘਰਾਂ ’ਚ ਵਿਛਾਏ ਸੱਥਰ/ ਇਕੋ ਦਿਨ ਨਸ਼ੇ ਨਾਲ ਦੋ ਨੌਜਵਾਨਾਂ ਦੀ ਮੌਤ/ ਲੋਕਾਂ ਅੰਦਰ ਭਾਰੀ ਰੋਸ, ਪੁਲਿਸ ਕਰ ਰਹੀ ਜਾਂਚ

0
3

ਕਪੂਰਥਲਾ ਜ਼ਿਲ੍ਹੇ ਅੰਦਰ ਨਸ਼ਿਆਂ ਦਾ ਕਹਿਰ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਪਿੰਡ ਰਾਏਪੁਰ ਅਰਾਈਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕੋ ਦਿਨ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਬੀਰ ਸਿੰਘ ਬਿੱਲਾ ਪੁੱਤਰ ਸਤਪਾਲ ਸਿੰਘ ਅਤੇ ਸ਼ੈਲੀ ਪੁੱਤਰ ਹੰਸ ਰਾਜ ਵਜੋਂ ਹੋਈ ਹੈ। ਪਰਿਵਾਰ ਤੇ ਲੋਕਾਂ ਦੇ ਦੱਸਣ ਮੁਤਾਬਕ ਦੋਵੇਂ ਨੌਜਵਾਨ ਨਸ਼ਿਆਂ ਦੇ ਆਦੀ ਸਨ, ਜਿਨ੍ਹਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਦਰਸ਼ਨ ਸਿੰਘ ਪੁਤਰ ਫੋਜਾ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਬਿੱਲਾ (35) ਪੁਤਰ ਸਤਪਾਲ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਮਾ- ਪਿਉ ਤੇ ਭਰਾ ਦੀ ਪਹਿਲਾ ਹੀ ਮੋਤ ਹੋ ਚੁੱਕੀ ਹੈ ਤੇ ਇਸਦੀ ਭੈਣ ਵਿਆਹੀ ਹੋਈ ਹੈ ਤੇ ਹੁਣ ਘਰ ਵਿੱਚ  ਇਕੱਲਾ ਹੀ ਰਹਿੰਦਾ ਸੀ। ਅੱਜ ਸਵੇਰੇ 8:30 ਵਜੇ ਜਦੋਂ ਇਸ ਦਾ ਸਾਥੀ ਉਸ ਨੂੰ ਕੰਮ ਤੇ ਨਾਲ ਲੈ ਕੇ ਜਾਣ ਲਈ ਆਇਆ ਤਾਂ ਇਸ ਨੇ ਦਰਵਾਜ਼ਾ ਨਹੀਂ ਖੋਲਿਆ,  ਤਾਂ ਇਸ ਦੇ ਦੋਸਤ ਨੇ ਕੰਧ ਟੱਪ ਕੇ ਅੰਦਰ ਵੇਖਿਆ ਤਾਂ ਇਸ ਦੀ ਲਾਸ਼ ਰਸੋਈ ਵਿੱਚ ਪਈ ਸੀ ਅਤੇ ਨੇੜੇ ਹੀ ਸਰਿੰਜਾਂ ਅਤੇ ਕੁਝ ਪੁੜੀਆਂ ਪਈਆਂ ਹੋਈਆਂ ਸਨ।
ਇਸ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਇਕ ਹੋਰ ਨੌਜਵਾਨ ਨਸ਼ਿਆ ਦੀ ਭੇਂਟ ਚੜ ਗਿਆ। ਪਿੰਡ ਦੇ ਮੋਹਤਬਰ ਸਟੀਫਨ ਕਾਲਾ ਨੇ ਦੱਸਿਆ ਕਿ ਫੋਨ ਆਇਆ ਕਿ ਸ਼ੈਲੀ ਪੁੱਤਰ ਹੰਸ ਰਾਜ ਪਿੰਡ ਦੇ ਟਿੱਬੀ ਪੀਰ ਵਾਲੇ ਪਾਸੇ ਟੀਕਾ ਲਾਕੇ ਬੇਹੋਸ਼ ਪਿਆ ਹੈ। ਉਕਤ ਨੋਜਵਾਨ ਨੂੰ ਚੁੱਕ ਕੇ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ ਜਿਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਚਿੱਟੇ ਦੀ ਵਿਕਰੀ ਬੇਰੋਕ-ਟੋਕ ਚੱਲ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਚੱਲ ਰਹੇ ਨਸ਼ੇ ਦੇ ਗੋਰਖਧੰਦੇ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਦੌਰਾਨ ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ  ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੇ ਚਿੱਟਾ ਵੇਚਣ ਵਾਲੇ ਪਿੰਡ ਦੇ ਹੀ ਇੱਕ ਨੌਜਵਾਨ ਘੁਦੂ ਨੂੰ ਗਿਰਫਤਾਰ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here