
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਸਥਿਤ ਮੰਦਰ ਵਾਲਾ ਬਾਜਾਰ ਇਲਾਕੇ ਵਿਚ ਨਵ-ਵਿਆਹੁਤਾ ਵੱਲੋਂ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਲੁਧਿਆਣਾ ਨਾਲ ਸਬੰਧਤ ਪੇਕਾ ਪਰਿਵਾਰ ਦਾ ਇਲਜਾਮ ਐ ਕਿ ਉਨ੍ਹਾਂ ਨੇ ਆਪਣੀ ਧੀ ਦਾ 10 ਮਹੀਨੇ ਪਹਿਲਾਂ ਵਿਆਹ ਕੀਤਾ ਸੀ ਪਰ ਸਹੁਰਾ ਪਰਿਵਾਰ ਲਗਾਤਾਰ ਤੰਗ ਕਰ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਇਹ ਖਤਰਨਾਕ ਕਦਮ ਚੁੱਕਿਆ ਐ। ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਮ੍ਰਿਤਕਾ ਦੇ ਪਿਤਾ ਮਨਮੋਹਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਲੁਧਿਆਣੇ ਦੇ ਰਹਿਣ ਵਾਲੇ ਹਨ ਅਤੇ ਉਨਾ ਦੀ ਧੀ ਦੇ ਵਿਆਹ ਨੂੰ ਹਾਲੇ ਸਿਰਫ਼ 10 ਮਹੀਨੇ ਹੀ ਹੋਏ ਸਨ। ਉਨ੍ਹਾ ਨੇ ਦੱਸਿਆ ਕਿ ਰਿਸ਼ਤੇਦਾਰੀ ਵਿਚਕਾਰ ਵਿਆਹ ਹੋਣ ਦੇ ਬਾਵਜੂਦ ਸੱਸ ਜਸਵਿੰਦਰ ਕੌਰ, ਸਸੁਰ ਮਨਜੀਤ ਸਿੰਘ ਅਤੇ ਨਨਾਣ ਸਨੇਹਾ ਅਕਸਰ ਉਸਦੀ ਧੀ ਨਾਲ ਬਦਸਲੂਕੀ ਅਤੇ ਤੰਗ ਪਰੇਸ਼ਾਨ ਕਰਦੇ ਸਨ। ਪਰਿਵਾਰ ਵੱਲੋਂ ਉਸਨੂੰ ਗਰਭਵਤੀ ਨਾ ਹੋਣ ਦਾ ਮਿਹਣਾ ਮਾਰਿਆ ਜਾਂਦਾ ਸੀ।
ਮ੍ਰਿਤਕਾ ਦੇ ਪਿਤਾ ਦਾ ਇਹ ਵੀ ਦੋਸ਼ ਹੈ ਕਿ ਸਹੁਰਾ ਮਨਜੀਤ ਸਿੰਘ ਉਸਦੀ ਧੀ ‘ਤੇ ਗੰਦੀ ਨਜ਼ਰ ਰੱਖਦਾ ਸੀ ਅਤੇ ਇੱਕ ਵਾਰ ਰਸੋਈ ਵਿੱਚ ਉਸਨੂੰ ਜਬਰੀ ਫੜ ਵੀ ਲਿਆ ਸੀ। ਜਦੋਂ ਧੀ ਨੇ ਇਹ ਗਲ ਘਰ ਵਿੱਚ ਦੱਸੀ ਤਾਂ ਉਸਦੇ ਪਤੀ ਨੇ ਉਲਟਾ ਉਸਨੂੰ ਚਪੇੜਾਂ ਮਾਰੀਆਂ ਸਨ। ਪਰਿਵਾਰ ਦਾ ਸ਼ੱਕ ਹੈ ਕਿ ਘਟਨਾ ਵਾਲੇ ਦਿਨ ਵੀ ਕੋਈ ਇਸ ਹੀ ਤਰ੍ਹਾਂ ਦੀ ਘਿਨੌਣੀ ਹਰਕਤ ਹੋਈ ਹੋਵੇਗੀ, ਜਿਸ ਤੋਂ ਤੰਗ ਆ ਕੇ ਉਸਨੇ ਖ਼ੁਦਕੁਸ਼ੀ ਕੀਤੀ।
ਇਸ ਸਬੰਧੀ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਸਾਡੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

