ਗੁਰਦਾਸਪੁਰ ’ਚ ਜ਼ਮੀਨ ਦਾ ਕਬਜ਼ਾ ਦਿਵਾਉਣ ਪਹੁੰਚੀ ਪੁਲਿਸ/ ਬਜ਼ੁਰਗ ਨੇ ਨਿਗਲੀ ਜ਼ਹਿਰੀਲੀ ਦਵਾਈ/ ਧੋਖਾਧੜੀ ਦੇ ਲੱਗੇ ਦੋਸ਼, ਦੂਜੀ ਧਿਰ ਨੇ ਦੋਸ਼ ਨਕਾਰੇ

0
1

ਗੁਰਦਾਸਪੁਰ ਦੇ ਪਿੰਡ ਮਸੀਤ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਦਾਲਤ ਦੇ ਹੁਕਮਾਂ ’ਤੇ ਜ਼ਮੀਨ ਦਾ ਕਬਜ਼ਾ ਦਿਵਾਉਣ ਪਹੁੰਚੀ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਬਜ਼ੁਰਗ ਨੇ ਕਥਿਤ ਤੌਰ ’ਤੇ ਜ਼ਹਿਰੀਲੀ ਦਵਾਈ ਨਿਗਲ ਲਈ। ਬਜ਼ੁਰਗ ਦੀ ਪਛਾਣ ਸ਼ਾਮ ਲਾਲ ਵਜੋਂ ਹੋਈ ਹੈ, ਜੋ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਾਮ ਲਾਲ ਕਈ ਸਾਲਾਂ ਤੋਂ ਵਿਵਾਦਿਤ ਜ਼ਮੀਨ ’ਤੇ ਖੇਤੀ ਕਰਦਾ ਆ ਰਿਹਾ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਜਦੋਂ ਦੂਜੀ ਧਿਰ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ ਤਾਂ ਬਜ਼ੁਰਗ ਨੇ ਕਥਿਤ ਤੌਰ ’ਤੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ।

ਬਜ਼ੁਰਗ ਦੇ ਪੁੱਤਰ ਨਵੀਨ ਸ਼ਰਮਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਜ਼ਮੀਨ ਨੂੰ ਧੋਖੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਮੁਤਾਬਕ ਇਸੇ ਕਾਰਨ ਉਸ ਦਾ ਪਿਤਾ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਨਵੀਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਦੇ ਮੂੰਹ ਵਿੱਚੋਂ ਸਲਫਾਸ ਦੀਆਂ ਗੋਲੀਆਂ ਕੱਢੀਆਂ, ਪਰ ਉਦੋਂ ਤੱਕ ਕੁਝ ਗੈਸ ਸਰੀਰ ਅੰਦਰ ਜਾਣ ਦੀ ਗੱਲ ਸਾਹਮਣੇ ਆਈ।

ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਸ਼ਾਮ ਲਾਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਸ਼ਾਮ ਲਾਲ ਨੇ ਕਿਸੇ ਵਿਅਕਤੀ ਤੋਂ ਕਰਜ਼ਾ ਲਿਆ ਸੀ, ਜਿਸ ਨੂੰ ਵਿਆਜ ਸਮੇਤ ਵਾਪਸ ਕਰ ਦਿੱਤਾ ਗਿਆ ਸੀ, ਪਰ ਕਾਗਜ਼ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਾਅਦ ਜ਼ਮੀਨ ਸਬੰਧੀ ਅਦਾਲਤ ਵਿੱਚ ਮਾਮਲਾ ਚਲਾਇਆ ਗਿਆ ਅਤੇ ਹੁਣ ਧੋਖੇ ਨਾਲ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੂਜੀ ਧਿਰ ਦਾ ਵੱਖਰਾ ਦਾਅਵਾ– ਦੂਜੇ ਪਾਸੇ, ਵਰਸੋਲਾ ਵਾਸੀ ਲਾਲ ਸਿੰਘ ਉਰਫ਼ ਲਾਲੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ 2001 ਤੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਗਏ ਹੋਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸ਼ਾਮ ਲਾਲ ਨੇ ਇੱਕ ਕਿੱਲਾ ਜ਼ਮੀਨ ਦਾ ਐਡਵਾਂਸ ਲੈਣ ਦੇ ਬਾਵਜੂਦ ਰਜਿਸਟਰੀ ਕਰਨ ਵਿੱਚ ਟਾਲਮਟੋਲ ਕੀਤੀ। ਲਾਲ ਸਿੰਘ ਮੁਤਾਬਕ ਪਹਿਲਾਂ ਹੇਠਲੀ ਅਦਾਲਤ ਅਤੇ ਬਾਅਦ ਵਿੱਚ ਹਾਈਕੋਰਟ ਵੱਲੋਂ ਵੀ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਅਦਾਲਤੀ ਹੁਕਮਾਂ ਅਨੁਸਾਰ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਅਪੀਲ ਕੀਤੀ ਸੀ।

ਉਨ੍ਹਾਂ ਕਿਹਾ ਕਿ ਮੌਕੇ ’ਤੇ ਸ਼ਾਮ ਲਾਲ ਨੇ ਜ਼ਹਿਰੀਲੀ ਦਵਾਈ ਕਿਉਂ ਨਿਗਲੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਕਿਸੇ ਦੀ ਜ਼ਮੀਨ ’ਤੇ ਧੋਖੇ ਨਾਲ ਕਬਜ਼ਾ ਨਹੀਂ ਕਰ ਰਹੇ। ਫਿਲਹਾਲ ਬਜ਼ੁਰਗ ਸ਼ਾਮ ਲਾਲ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਮੀਨ ਦੇ ਮਾਲਕੀ ਹੱਕ ਅਤੇ ਦੋਵਾਂ ਧਿਰਾਂ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਅਸਲ ਤੱਥ ਅਦਾਲਤੀ ਰਿਕਾਰਡ ਅਤੇ ਅਧਿਕਾਰਤ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਣਗੇ।

LEAVE A REPLY

Please enter your comment!
Please enter your name here