
ਬਾਲ ਦਿਵਸ ਮੌਕੇ ਸੰਗਰੂਰ ਦੇ ਇੱਕ ਸੁਨਿਆਰੇ ਨੇ ਅਨੋਖੀ ਪਹਿਲ ਕੀਤੀ ਹੈ। ਸੁਨਿਆਰੇ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਅੱਜ ਜਨਮੇ ਨਵਜੰਮੇ ਬੱਚਿਆਂ ਨੂੰ ਚਾਂਦੀ ਦੇ ਤੋਹਫ਼ੇ ਦਿੱਤੇ ਗਏ। ਸੁਨਿਆਰੇ ਵੱਲੋਂ ਧੀ ਦੇ ਜਨਮ ’ਤੇ ਚਾਂਦੀ ਦੀਆਂ ਝਾਂਜਰਾਂ ਅਤੇ ਪੁੱਤਰ ਦੇ ਜਨਮ ’ਤੇ ਚਾਂਦੀ ਦੇ ਕੜੇ ਭੇਟ ਕੀਤੇ ਗਏ। ਇਸ ਦੇ ਨਾਲ ਹੀ ਮਠਿਆਈਆਂ ਅਤੇ ਹੋਰ ਤੋਹਫ਼ੇ ਵੀ ਵੰਡੇ ਗਏ। ਸੁਨਿਆਰੇ ਦਾ ਕਹਿਣਾ ਹੈ ਕਿ ਉਹ ਬਾਲ ਦਿਵਸ ਨੂੰ ਆਪਣੀ ਸਮਰੱਥਾ ਅਨੁਸਾਰ ਖ਼ਾਸ ਬਣਾਉਣਾ ਚਾਹੁੰਦਾ ਸੀ ਅਤੇ ਧਰਤੀ ’ਤੇ ਆਏ ਹਰ ਨਵੇਂ ਬੱਚੇ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਸੀ। ਉਨ੍ਹਾਂ ਸਮਾਜ ਦੇ ਹੋਰ ਲੋਕਾਂ ਨੂੰ ਵੀ ਅਜਿਹੇ ਨੇਕ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਮੀਡੀਆ ਨਾਲ ਗੱਲਬਾਤ ਕਰਦੇ ਇਸ ਸੁਨਿਆਰੇ ਨੇ ਦੱਸਿਆ ਕਿ ਉਹ ਇਸ ਬਾਲ ਦਿਵਸ ਹਰ ਇੱਕ ਛੋਟੇ ਬੱਚੇ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਸੀ ਜੋ ਇਸ ਧਰਤੀ ਤੇ ਆਇਆ ਹੈ ਅਤੇ ਇਸ ਦਿਨ ਨੂੰ ਉਹ ਆਪਣੀ ਸਮਰੱਥਾ ਦੇ ਨਾਲ ਮਨਾਉਣਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਨੇ ਚਾਂਦੀ ਘੱਟ ਵਜਨ ਦੀ ਦਿੱਤੀ ਹੈ ਪਰ ਇਸ ਵਿੱਚ ਵਜਨ ਨਹੀਂ ਪਰ ਆਪਣੀ ਜੋ ਸਮਰੱਥਾ ਸੀ ਉਸ ਸਮਰਥਾ ਦੇ ਹਿਸਾਬ ਨਾਲ ਉਸਨੇ ਇੱਕ ਸੱਚੀ ਅਤੇ ਸਾਫ ਸੋਚ ਦੇ ਨਾਲ ਇਹ ਉਪਹਾਰ ਹਰ ਇੱਕ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਦਿੱਤੇ ਤਾਂ ਜੋ ਸਾਰੀ ਉਮਰ ਉਹ ਇਹ ਦਿਨ ਯਾਦ ਰੱਖਣ ਅਤੇ ਅਸੀਂ ਵੀ ਇਸ ਸਮੇਂ ਨੂੰ ਇਸੇ ਤਰ੍ਹਾਂ ਹਰ ਵਾਰ ਆਉਣ ਵਾਲੇ ਬਾਲ ਦਿਵਸ ਵਿੱਚ ਯਾਦ ਰੱਖੀਏ ਕਿ ਅਸੀਂ ਨਵਜਨਮੇ ਬੱਚਿਆਂ ਲਈ ਕੁਝ ਕੀਤਾ ਸੀ। ਉਹਨਾਂ ਕਿਹਾ ਕਿ ਸਮਾਜ ਨੂੰ ਵੀ ਅੱਗੇ ਆ ਕੇ ਇਸ ਤਰ੍ਹਾਂ ਦੇ ਚੰਗੇ ਕਦਮ ਅੱਗੇ ਵਧਾਉਣੇ ਚਾਹੀਦੇ ਹਨ।

