
ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ 253 ਸਪੈਸ਼ਲ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋ ਗਈ। ਆਪਣੀਆਂ ਨੌਕਰੀਆਂ ਬਚਾਉਣ ਦੀ ਮੰਗ ਲੈ ਕੇ ਪਹੁੰਚੇ ਅਧਿਆਪਕਾਂ ਨੇ ਪੁਲਿਸ ’ਤੇ ਕੁੱਟਮਾਰ ਅਤੇ ਮਹਿਲਾ ਅਧਿਆਪਕਾਂ ਨਾਲ ਗਲਤ ਵਿਹਾਰ ਕਰਨ ਦੇ ਇਲਜ਼ਾਮ ਲਗਾਏ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਟਰਮੀਨੇਸ਼ਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਅਧਿਆਪਕਾਂ ਨੇ ਸਰਕਾਰ ਤੋਂ ਨੌਕਰੀ ਤੋਂ ਹਟਾਏ ਜਾਣ ਸਬੰਧੀ ਸਵਾਲ ਪੁੱਛੇ।

ਅਧਿਆਪਕਾਂ ਮੁਤਾਬਕ ਉਹ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਰੈਗੂਲਰ ਤੌਰ ‘ਤੇ ਨੌਕਰੀ ਕਰ ਰਹੇ ਹਨ, ਪਰ ਹੁਣ ਸਰਕਾਰ ਨੇ ਉਨ੍ਹਾਂ ਦਾ ਭਵਿੱਖ ਖਤਮ ਕਰ ਦਿੱਤਾ ਹੈ। ਅਧਿਆਪਕਾਂ ਮੁਤਾਬਕ ਉਨ੍ਹਾਂ ਨੂੰ ਟਰਮੀਨੇਸ਼ਨ ਦੇ ਨੋਟਿਸ ਮਿਲੇ ਹਨ ਅਤੇ ਉਹ ਸਿਰਫ਼ 16 ਤਰੀਕ ਤੱਕ ਹੀ ਸਕੂਲ ਜਾ ਸਕਣਗੇ, ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਖਤਮ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਅਧਿਆਪਕ ਜਥੇਬੰਦੀਆਂ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੀ ਗਲਤੀ ਕਾਰਨ ਸੜਕਾਂ ‘ਤੇ ਰੁਲ ਰਹੇ ਹਾਂ। ਅਸੀਂ ਸਹੀ ਉੱਤਰ ਕੁੰਜੀ ਤੇ ਤਿੰਨ ਸਾਲ ਤੋਂ ਨੌਕਰੀ ਕਰ ਰਹੇ ਹਾਂ, ਅਸੀਂ ਕੋਈ ਫਰੌਡ ਨਹੀਂ ਕੀਤਾ। ਅੱਜ ਅਸੀਂ ਆਪਣੀ ਗੱਲ ਪਹੁੰਚਾਉਣ ਆਏ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਕੁੜੀਆਂ ਨੂੰ ਥੱਪੜ ਤੱਕ ਮਾਰੇ ਅਤੇ ਖੜ੍ਹਨ ਤੱਕ ਨਹੀਂ ਦਿੱਤਾ ਜਾ ਰਿਹਾ। ਅਸੀਂ ਕੋਈ ਚੋਰ ਜਾਂ ਡਾਕੂ ਨਹੀਂ ਹਾਂ, ਅਸੀਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਅਸੀਂ ਪੰਜਾਬ ਦੇ ਲੋਕ ਨਹੀਂ ਹਾਂ?
ਅਧਿਆਪਕਾਂ ਮੁਤਾਬਕ ਉਹ ਛੇ ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ 50 ਤੋਂ 100 ਮੀਟਿੰਗਾਂ ਕਰ ਚੁੱਕੇ ਹਨ। ਸਾਨੂੰ ਸਾਢੇ ਤਿੰਨ ਸਾਲ ਹੋ ਗਏ ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਪੜ੍ਹਾਉਂਦੇ ਹੋਏ, ਪਰ ਪ੍ਰੋਬੇਸ਼ਨ ਕਲੀਅਰ ਹੋਣ ਤੋਂ ਠੀਕ ਪਹਿਲਾਂ ਉੱਤਰ ਕੁੰਜੀ ਬਦਲ ਕੇ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਮਾਨਦਾਰ ਬੰਦਿਆਂ ਨੂੰ ਕੱਢ ਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕਹਿੰਦੇ ਸੀ ਕਿ ਮੈਂ ਲੋਕਾਂ ਦੇ ਵਿੱਚ ਹੋਵਾਂਗਾ ਅਤੇ ਮੇਰੇ ਦਰ ‘ਤੇ ਆਉਣ ਦੀ ਲੋੜ ਨਹੀਂ ਪਵੇਗੀ, ਪਰ ਅੱਜ ਜਦੋਂ ਅਸੀਂ ਆਪਣਾ ਹੱਕ ਅਤੇ ਇਨਸਾਫ਼ ਮੰਗਣ ਆਏ ਹਾਂ ਤਾਂ ਪੁਲਿਸ ਪ੍ਰਸ਼ਾਸਨ ਲਾ ਕੇ ਗੁੰਡਾਗਰਦੀ ਕਰਵਾਈ ਜਾ ਰਹੀ ਹੈ। ਇਨ੍ਹਾਂ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ, ਇਹ ਸਹੀ ਉੱਤਰ ਕੁੰਜੀ ਦੇ ਆਧਾਰ ‘ਤੇ ਭਰਤੀ ਹੋਏ ਸਨ। ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਨ੍ਹਾਂ 253 ਅਧਿਆਪਕਾਂ ਨੂੰ ਐਡਜਸਟ ਕਰਕੇ ਇਨ੍ਹਾਂ ਦੀ ਨੌਕਰੀ ਬਚਾਈ ਜਾਂਦੀ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੂਰੀ ਤਰ੍ਹਾਂ ਇਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਜਿਹੜੇ ਸਾਥੀ ਪੁਲਿਸ ਨੇ ਡਿਟੇਨ ਕੀਤੇ ਹਨ, ਉਨ੍ਹਾਂ ਨੂੰ ਛੁਡਵਾਇਆ ਜਾਵੇਗਾ।

