ਬਲਾਸਟ ਕੇਸ ‘ਚ ਗ੍ਰਿਫ਼ਤਾਰ ਦਵਿੰਦਰ ਦਾ ਪਰਿਵਾਰ ਆਇਆ ਸਾਹਮਣੇ/ ਮਹਿਕਪ੍ਰੀਤ ’ਤੇ ਲਾਏ ਲਾਲਚ ਦੇ ਕੇ ਫਸਾਉਣ ਦੇ ਇਲਜ਼ਾਮ/ ਬਲਾਸਟ ਤੋਂ ਪਹਿਲਾਂ ਘਰੋਂ ਗਿਆ ਸੀ ਦਵਿੰਦਰ

0
4

ਸ਼੍ਰੀ ਗੰਗਾਨਗਰ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਆਪਣਾ ਪੱਖ ਸਾਹਮਣੇ ਰੱਖਿਆ ਜਾ ਰਿਹਾ ਹੈ। ਮਹਿਕਪ੍ਰੀਤ ਤੋਂ ਬਾਅਦ ਹੁਣ ਗ੍ਰਿਫ਼ਤਾਰ ਕੀਤੇ ਗਏ ਦਵਿੰਦਰ ਸਿੰਘ ਦਾ ਪਰਿਵਾਰ ਵੀ ਕੈਮਰੇ ਸਾਹਮਣੇ ਆਇਆ ਹੈ। ਪਿੰਡ ਚੋੜਾ ਕਲਾਂ ਦੇ ਰਹਿਣ ਵਾਲੇ ਦਵਿੰਦਰ ਦੀ ਮਾਤਾ ਬਲਜੀਤ ਕੌਰ ਅਤੇ ਚਾਚੀ ਸੁਖਵਿੰਦਰ ਕੌਰ ਨੇ ਦੋਸ਼ ਲਗਾਇਆ ਹੈ ਕਿ ਮਹਿਕਪ੍ਰੀਤ ਨੇ ਦੋ-ਤਿੰਨ ਮਹੀਨੇ ਪਹਿਲਾਂ ਦਵਿੰਦਰ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ। ਪਰਿਵਾਰ ਮੁਤਾਬਕ ਮਹਿਕਪ੍ਰੀਤ ਉਸ ਨੂੰ ਇੱਕ ਲੱਖ ਰੁਪਏ ਦਿਵਾਉਣ ਦਾ ਲਾਲਚ ਦੇਣ ਦੇ ਨਾਲ-ਨਾਲ ਵਿਆਹ ਕਰਵਾਉਣ ਲਈ ਵੀ ਦਬਾਅ ਪਾ ਰਹੀ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਦਵਿੰਦਰ ਨੇ ਉਨ੍ਹਾਂ ਨੂੰ ਮਹਿਕਪ੍ਰੀਤ ਵੱਲੋਂ ਪੈਸਿਆਂ ਦਾ ਲਾਲਚ ਦੇਣ ਬਾਰੇ ਦੱਸਿਆ ਸੀ, ਪਰ ਦੋਵਾਂ ਵਿਚਾਲੇ ਹੋਣ ਵਾਲੀਆਂ ਗੱਲਾਂ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ। ਪਰਿਵਾਰ ਨੇ ਦੱਸਿਆ ਕਿ 3 ਨਵੰਬਰ ਨੂੰ ਹੋਏ ਧਮਾਕੇ ਤੋਂ ਦੋ-ਤਿੰਨ ਦਿਨ ਪਹਿਲਾਂ ਦਵਿੰਦਰ ਘਰੋਂ ਚਲਾ ਗਿਆ ਸੀ ਅਤੇ ਤਿੰਨ-ਚਾਰ ਦਿਨ ਬਾਅਦ ਵਾਪਸ ਆਇਆ ਸੀ। ਪਲੱਸ ਟੂ ਪਾਸ ਦਵਿੰਦਰ ਫਿਲਹਾਲ ਕਿਸਾਨੀ ਦਾ ਕੰਮ ਕਰ ਰਿਹਾ ਸੀ। ਪਰਿਵਾਰ ਮੁਤਾਬਕ ਬੀਤੇ ਦਿਨ ਉਹ ਮੰਡੀ ਵਿੱਚ ਪੈਸੇ ਲੈਣ ਗਿਆ ਸੀ, ਜਿੱਥੇ ਮਹਿਕਪ੍ਰੀਤ ਦਾ ਫੋਨ ਆਉਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਦਵਿੰਦਰ ਦਾ ਸ਼੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਨਾਲ ਕੋਈ ਸਬੰਧ ਹੈ।

LEAVE A REPLY

Please enter your comment!
Please enter your name here