ਹੁਸ਼ਿਆਰਪੁਰ ਸਿਵਲ ਹਸਪਤਾਲ ‘ਚ ਡੇਂਗੂ ਦਾ ਖ਼ਤਰਾ/ ਪਾਰਕ ‘ਚ ਖੜ੍ਹਾ ਪਾਣੀ, ਸਿਹਤ ਵਿਭਾਗ ‘ਤੇ ਸਵਾਲ/ ਜਾਵੇਦ ਖਾਨ ਨੇ ਖੋਲ੍ਹੀ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਪੋਲ

0
3

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਡੇਂਗੂ ਦੀ ਰੋਕਥਾਮ ਦੇ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਸਪਤਾਲ ਦੇ ਪਾਰਕ ਵਿੱਚ ਖੜ੍ਹਾ ਪਾਣੀ ਅਤੇ ਗੰਦਗੀ ਡੇਂਗੂ ਦੇ ਲਾਰਵੇ ਨੂੰ ਸੱਦਾ ਦੇ ਰਹੀ ਹੈ। ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਵਾਲਾ ਸਿਹਤ ਵਿਭਾਗ ਆਪਣੇ ਹੀ ਹਸਪਤਾਲ ਦੇ ਪ੍ਰਬੰਧ ਸੁਧਾਰਨ ਵਿੱਚ ਨਾਕਾਮ ਨਜ਼ਰ ਆ ਰਿਹਾ ਹੈ। ਸਮਾਜਿਕ ਕਾਰਕੁਨ ਜਾਵੇਦ ਖਾਨ ਨੇ ਇਸ ਲਾਪਰਵਾਹੀ ‘ਤੇ ਸਵਾਲ ਚੁੱਕਦਿਆਂ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਤਸਵੀਰਾਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀਆਂ ਹਨ, ਜਿੱਥੇ ਮੈਡੀਕਲ ਵਾਰਡ ਅਤੇ ਡੇਂਗੂ ਤੇ ਮਲੇਰੀਆ ਵਿਭਾਗ ਦੇ ਪਿਛਲੇ ਪਾਸੇ ਬਣੇ ਪਾਰਕ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਪਾਰਕ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਦਾ ਲਾਰਵਾ ਪੈਦਾ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਹ ਉਹੀ ਪਾਰਕ ਹੈ, ਜਿੱਥੇ ਪਹਿਲਾਂ ਮਰੀਜ਼ ਅਤੇ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਲੋਕ ਬੈਠ ਕੇ ਕੁਝ ਸਮਾਂ ਆਰਾਮ ਕਰਦੇ ਸਨ। ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੀਆਂ ਸਮੱਸਿਆਵਾਂ ਉਠਾਉਣ ਵਾਲੇ ਨੌਜਵਾਨ ਜਾਵੇਦ ਖਾਨ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।

ਜਾਵੇਦ ਖਾਨ ਆਪਣੇ ਇੱਕ ਮਰੀਜ਼ ਸਾਥੀ ਨੂੰ ਮਿਲਣ ਹਸਪਤਾਲ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀ ਨਜ਼ਰ ਪਾਰਕ ਦੇ ਬਦਤਰ ਹਾਲਾਤਾਂ ’ਤੇ ਪਈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਹਰ ਸ਼ੁੱਕਰਵਾਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਦੀਆਂ ਹਨ, ਪਰ ਵਿਭਾਗ ਨੂੰ ਪਹਿਲਾਂ ਆਪਣੇ ਹਸਪਤਾਲ ਦੇ ਹਾਲਾਤ ਸੁਧਾਰਨ ਦੀ ਲੋੜ ਹੈ।

ਹੁਣ ਸਵਾਲ ਇਹ ਹੈ ਕਿ ਜਿਹੜਾ ਸਿਹਤ ਵਿਭਾਗ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕਰ ਰਿਹਾ ਹੈ, ਕੀ ਉਹ ਆਪਣੇ ਹੀ ਹਸਪਤਾਲ ਨੂੰ ਡੇਂਗੂ ਦੇ ਖ਼ਤਰੇ ਤੋਂ ਬਚਾ ਸਕੇਗਾ? ਆਖ਼ਰ ਮਰੀਜ਼ਾਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ? ਸਿਹਤ ਵਿਭਾਗ ਦੇ ਉੱਚ ਅਧਿਕਾਰੀ ਇਸ ਵੱਲ ਕਦੋਂ ਧਿਆਨ ਦੇਣਗੇ?

LEAVE A REPLY

Please enter your comment!
Please enter your name here